ਪਾਕਿ ਮੂਲ ਦੀ ਮਹਿਲਾ ਨੇ ISIS ਨੂੰ ਮਦਦ ਦੇਣ ਦਾ ਅਪਰਾਧ ਕੀਤਾ ਕਬੂਲ
Tuesday, Nov 27, 2018 - 11:50 AM (IST)

ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨੀ ਮੂਲ ਦੀ ਇਕ ਮਹਿਲਾ ਨੇ ਇਕ ਸਕੀਮ ਵਿਚ ਹਿੱਸਾ ਲੈ ਕੇ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਅੱਤਵਾਦੀ ਸੰਗਠਨ ਨੂੰ ਸਾਮਾਨ ਮੁਹੱਈਆ ਕਰਾਉਣ ਦਾ ਅਪਰਾਧ ਕਬੂਲ ਕਰ ਲਿਆ। ਇਸ ਯੋਜਨਾ ਵਿਚ ਉਸ ਨੇ ਪਾਕਿਸਤਾਨ, ਚੀਨ ਅਤੇ ਤੁਰਕੀ ਵਿਚ ਲੋਕਾਂ ਅਤੇ ਫਰਜ਼ੀ ਸੰਸਥਾਵਾਂ ਨੂੰ ਡੇਢ ਲੱਖ ਡਾਲਰ ਪਹੁੰਚਾਏ ਜੋ ਅੱਤਵਾਦੀ ਸੰਗਠਨ ਦੇ ਸਹਿਯੋਗੀ ਦੇ ਤੌਰ 'ਤੇ ਕੰਮ ਕਰ ਰਹੇ ਸਨ। ਰਾਸ਼ਟਰੀ ਸੁਰੱਖਿਆ ਲਈ ਸਹਾਇਕ ਅਟਾਰਨੀ ਜਨਰਲ ਜੌਨ ਸੀ ਡੇਮਰਸ ਨੇ ਕਿਹਾ ਕਿ ਨਿਊਯਾਰਕ ਦੇ ਬ੍ਰੇਂਟਵੁੱਡ ਵਿਚ ਰਹਿਣ ਵਾਲੀ 27 ਸਾਲਾ ਜੁਬੀਆ ਸ਼ਹਿਨਾਜ਼ ਨੇ ਅਮਰੀਕੀ ਜ਼ਿਲਾ ਜੱਜ ਜੋਆਨਾ ਸੀਬਰਟ ਦੇ ਸਾਹਮਣੇ ਅਪਰਾਧ ਕਬੂਲ ਕੀਤਾ।
ਬੀਤੇ ਸਾਲ ਦਸੰਬਰ ਵਿਚ ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਜਨਮੀ ਸ਼ਹਿਨਾਜ਼ ਅਮਰੀਕਾ ਦੀ ਨਾਗਰਿਕ ਹੈ। ਉਹ ਇਕ ਪਰਿਵਾਰ ਆਧਾਰਿਤ ਪ੍ਰਵਾਸੀ ਪ੍ਰਣਾਲੀ ਦੀ ਵਰਤੋਂ ਕਰ ਕੇ ਅਮਰੀਕਾ ਆਈ ਸੀ। ਜਿਸ ਦੇ ਤਹਿਤ ਉਸ ਨੂੰ ਅਮਰੀਕੀ ਵੀਜ਼ਾ ਮਿਲ ਗਿਆ ਸੀ। ਅਦਾਲਤ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਮਾਰਚ 2017 ਤੋਂ ਲੈ ਕੇ 31 ਜੁਲਾਈ 2017 ਨੂੰ ਸੀਰੀਆ ਜਾਣ ਦੀ ਕੋਸ਼ਿਸ਼ ਕਰਨ ਵਾਲੇ ਦਿਨ ਤੱਕ ਸ਼ਹਿਨਾਜ਼ ਵੱਖ-ਵੱਖ ਵਿੱਤੀ ਸੰਸਥਾਵਾਂ ਨਾਲ ਧੋਖਾਧੜੀ ਵਾਲੀ ਇਕ ਸਕੀਮ ਵਿਚ ਸ਼ਾਮਲ ਰਹੀ।