US : ਕਾਮਿਆਂ ਦੀ ਬਿਹਤਰੀ ਲਈ H-1B ਤੇ L-1 ਵੀਜ਼ਾ ਨਿਯਮਾਂ ''ਚ ਹੋ ਸਕਦੀ ਹੈ ਤਬਦੀਲੀ

11/22/2019 1:38:27 PM

ਵਾਸ਼ਿੰਗਟਨ (ਬਿਊਰੋ): ਐੱਚ-1ਬੀ ਵੀਜ਼ਾ ਵਿਚ ਅਮਰੀਕੀ ਕਾਮਿਆਂ ਲਈ ਬਿਹਤਰ ਮੌਕੇ ਅਤੇ ਮਜ਼ਦੂਰੀ ਦੀ ਸੁਰੱਖਿਆ ਦੇ ਟੀਚੇ ਨਾਲ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਡਿਪਾਰਟਮੈਂਟ ਆਫ ਹੋਮਲੈਂਡ ਸਿਕਓਰਿਟੀ (DHS) ਵਿਸ਼ੇਸ਼ ਕਿੱਤੇ ਦੀ ਪਰਿਭਾਸ਼ਾ ਨੂੰ ਸੋਧਣ ਦਾ ਪ੍ਰਸਤਾਵ ਦੇ ਰਿਹਾ ਹੈ ਤਾਂ ਜੋ ਐੱਚ-1ਬੀ ਪ੍ਰੋਗਰਾਮ ਦੇ ਮਾਧਿਅਮ ਨਾਲ ਸਭ ਤੋਂ ਚੰਗੇ ਅਤੇ ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਦੇਸ਼ ਸੱਦਣ 'ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵੱਲੋਂ ਬੁੱਧਵਾਰ ਨੂੰ ਪ੍ਰਕਾਸ਼ਿਤ ਫਾਲ 2019 ਯੂਨੀਫਾਈਡ ਏਜੰਡਾ ਦੇ ਤਹਿਤ ਪ੍ਰਸਤਾਵਿਤ ਤਬਦੀਲੀਆਂ, ਮਾਲਕਾਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਵਾਜਿਬ ਤਨਖਾਹ ਦੇਣ ਨੂੰ ਯਕੀਨੀ ਕਰਨ ਲਈ ਵਧੀਕ ਲੋੜਾਂ ਵਜੋਂ ਕੀਤੀਆਂ ਜਾ ਰਹੀਆਂ ਹਨ। 

ਯੂਨੀਫਾਈਡ ਏਜੰਡਾ ਇਕ ਦੋ ਸਾਲਾ ਰੈਗੁਲੇਟਰੀ ਏਜੰਡਾ ਹੈ ਜੋ ਏਜੰਸੀਆਂ ਵਿਚ ਯੋਜਨਾਬੱਧ ਫੈਡਰਲ ਨਿਯਮ ਬਣਾਉਣ ਦਾ ਰੋਡਮੈਪ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਦੀ ਤਬਦੀਲੀ ਦਾ ਪ੍ਰਸਤਾਵ ਇੰਟਰਾ-ਕੰਪਨੀ ਟਰਾਂਸਫਰ ਵਿਚ ਵਰਤੇ ਜਾਣ ਵਾਲੇ ਐੱਲ-1 ਵੀਜ਼ਾ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੀ.ਐੱਚ.ਐੱਸ. ਨੇ ਸੁਝਾਅ ਦਿੱਤਾ ਹੈ ਕਿ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ (ਪਤੀ/ਪਤਨੀ) ਲਈ ਕੰਮ ਕਰਨ ਦੇ ਅਧਿਕਾਰ 'ਤੇ ਪਾਬੰਦੀ ਅਗਲੇ ਸਾਲ ਮਾਰਚ ਤੱਕ ਲਾਗੂ ਕੀਤੀ ਜਾਣੀ ਚਾਹੀਦੀ ਹੈ। 

ਡੀ.ਐੱਚ.ਐੱਸ. ਨੇ ਕਿਹਾ,''ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਐੱਚ-1ਬੀ ਵੀਜ਼ਾ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਅਜਿਹੀ ਨੌਕਰੀ ਵਿਚ ਕੰਮ ਕਰਨਗੇ ਜੋ ਵਿਸ਼ੇਸ਼ ਕਿੱਤੇ ਦੀ ਕਾਨੂੰਨੀ ਪਰਿਭਾਸ਼ਾ ਨੂੰ ਪੂਰਾ ਕਰਨ।'' ਉਨ੍ਹਾਂ ਨੇ ਅੱਗੇ ਕਿਹਾ,'' ਇਸ ਦੇ ਇਲਾਵਾ ਇਹ ਤਬਦੀਲੀਆਂ ਇਹ ਨਿਸ਼ਚਿਤ ਕਰਨ ਲਈ ਕੀਤੀਆਂ ਗਈਆਂ ਹਨ ਕਿ ਐੱਚ-1ਬੀ ਪ੍ਰੋਗਰਾਮ ਅਮਰੀਕੀ ਕਰਮਚਾਰੀਆਂ ਨੂੰ ਪੂਰਕ ਬਣਾਉਂਦਾ ਹੈ ਅਤੇ ਅਮਰੀਕੀ ਕਾਮਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ।'' 

ਡੀ.ਐੱਚ.ਐੱਸ. ਨੇ ਐੱਚ-1ਬੀ ਅਤੇ ਐੱਲ-1 ਵੀਜ਼ਾ ਵਿਚ ਤਬਦੀਲੀਆਂ ਲਈ ਨਿਯਮ ਪ੍ਰਕਾਸ਼ਿਤ ਕਰਨ ਲਈ ਕ੍ਰਮਵਾਰ ਦਸੰਬਰ 2019 ਅਤੇ ਸਤੰਬਰ 2020 ਦਾ ਟੀਚਾ ਰੱਖਿਆ ਹੈ। ਲਾਅ ਫਰਮ ਇਮੀਗ੍ਰੇਸ਼ਨ ਡਾਟ ਕਾਮ ਦੇ ਪ੍ਰਬੰਧਕੀ ਅਟਾਰਨੀ ਰਾਜੀਵ ਐੱਸ ਖੰਨਾ ਨੇ ਕਿਹਾ,''ਵਿਸ਼ੇਸ਼ ਕਿੱਤੇ ਅਤੇ ਨੌਕਰੀਦਾਤਾ ਸਬੰਧੀ ਪਰਿਭਾਸ਼ਾ ਨੂੰ ਯੂ.ਐੱਸ. ਕਾਂਗਰਸ ਨੇ ਇਕ ਨਿਯਮ ਦੁਆਰਾ ਪਾਸ ਕੀਤਾ ਹੈ ਅਤੇ ਡੀ.ਐੱਚ.ਐੱਸ. ਇਸ ਨੂੰ ਬਦਲ ਨਹੀਂ ਸਕਦਾ।'' 


Vandana

Content Editor

Related News