ਟਰੰਪ ਵੱਲੋਂ ਮੈਕਸੀਕੋ ਨੂੰ ਡਰੱਗ ਤਸਕਰਾਂ ਵਿਰੁੱਧ ਕਾਰਵਾਈ ''ਚ ਮਦਦ ਦੀ ਪੇਸ਼ਕਸ਼
Wednesday, Nov 06, 2019 - 01:22 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਨੂੰਨ ਰਹਿਤ ਸਰਹੱਦੀ ਖੇਤਰ ਵਿਚ ਮੋਰਮੋ ਪੰਥ ਦੇ 9 ਅਮਰੀਕੀ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲਿਆਂ ਦਾ ਖਾਤਮਾ ਕਰਨ ਲਈ ਮੈਕਸੀਕੋ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਆਪਣੇ ਗੁਆਂਢੀ ਦੀ ਮਦਦ ਲਈ ਤਿਆਰ ਹੈ। ਗੌਰਤਲਬ ਹੈ ਕਿ ਬੰਦੂਕਧਾਰੀਆਂ ਨੇ ਅਮਰੀਕਾ ਸੀਮਾ ਨਾਲ ਲੱਗਦੇ ਸੋਨੋਰਾ ਅਤੇ ਚਿਹੁਆਹੁਆ ਸ਼ਹਿਰ ਵਿਚ ਇਕ ਪੇਂਡੂ ਸੜਕ 'ਤੇ ਸੋਮਵਾਰ ਨੂੰ ਘਾਤ ਲਗਾ ਕੇ ਲੇਬਾਰਨ ਪਰਿਵਾਰ ਦੇ 9 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ।
ਮੈਕਸੀਕੋ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ ਹੋਰ 6 ਬੱਚੇ ਜ਼ਖਮੀ ਹੋਏ ਹਨ ਅਤੇ ਇਕ ਕੁੜੀ ਲਾਪਤਾ ਹੈ। ਹਮਲੇ ਦੀਆਂ ਤਸਵੀਰਾਂ ਵਿਚ ਪਰਿਵਾਰ ਦੀਆਂ ਤਿੰਨ ਕਾਰਾਂ ਗੋਲੀਆਂ ਨਾਲ ਵਿੰਨ੍ਹੀਆਂ ਦਿੱਸ ਰਹੀਆਂ ਹਨ। ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਜੇਕਰ ਮੈਕਸੀਕੋ ਇਨ੍ਹਾਂ ਤਸਕਰਾਂ ਦੇ ਖਾਤਮੇ ਲਈ ਮਦਦ ਮੰਗਦਾ ਹੈ ਤਾਂ ਅਮਰੀਕਾ ਇਸ ਲਈ ਤਿਆਰ ਹੈ ਅਤੇ ਇਸ ਕੰਮ ਨੂੰ ਜਲਦੀ ਅਤੇ ਪ੍ਰਭਾਵੀ ਤਰੀਕੇ ਨਾਲ ਅੰਜਾਮ ਦੇਵੇਗਾ।''
This is the time for Mexico, with the help of the United States, to wage WAR on the drug cartels and wipe them off the face of the earth. We merely await a call from your great new president!
— Donald J. Trump (@realDonaldTrump) November 5, 2019
ਟਰੰਪ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲੜਾਈ ਨੂੰ ਤਰਜੀਹ ਦੇਣ ਲਈ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ ਓਬਰਾਡੋਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ,''ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੇ ਆਪਣੇ ਪੈਰ ਇਸ ਤਰ੍ਹਾਂ ਜਮਾਂ ਲਏ ਹਨ ਕਿ ਤੁਹਾਨੂੰ ਕਦੇ-ਕਦੇ ਇਨ੍ਹਾਂ ਨੂੰ ਹਰਾਉਣ ਲਈ ਫੌਜ ਦੀ ਲੋੜ ਪੈਂਦੀ ਹੈ। ਸਮਾਂ ਆ ਗਿਆ ਹੈ ਕਿ ਮੈਕਸੀਕੋ ਅਮਰੀਕਾ ਦੀ ਮਦਦ ਨਾਲ ਤਸਕਰਾਂ ਵਿਰੁੱਧ ਇਕ ਲੜਾਈ ਸ਼ੁਰੂ ਕਰੇ ਅਤੇ ਉਨ੍ਹਾਂ ਨੂੰ ਖਦੇੜ ਦੇਵੇ।'' ਲੋਪੇਜ ਓਬਰਾਡੋਰ ਨੇ ਕਿਹਾ ਕਿ ਉਹ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਾਰੇ ਲੋੜੀਂਦੇ ਸਹਿਯੋਗ ਸਵੀਕਾਰ ਕਰਨਗੇ। ਓਬਰਾਡੋਰ ਨੇ ਟਵੀਟ ਕਰ ਕੇ ਦੱਸਿਆ ਕਿ ਮਦਦ ਦੀ ਪੇਸ਼ਕਸ਼ ਕਰਨ ਲਈ ਉਨ੍ਹਾਂ ਨੇ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਹੈ।