ਅਮਰੀਕਾ ਭਾਰਤ ਸਮੇਤ ਕਈ ਦੇਸ਼ਾਂ ਦੇ ਡਿਜ਼ੀਟਲ ਸੇਵਾ ਟੈਕਸ ਦੀ ਕਰੇਗਾ ਜਾਂਚ
Wednesday, Jun 03, 2020 - 12:42 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਉਨ੍ਹਾਂ ਡਿਜ਼ੀਟਲ ਸੇਵਾ ਟੈਕਸਾਂ ਦੀ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ ਅਮਰੀਕੀ ਟੇਕ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਲਈ ਗਲਤ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ ਜਾਂ ਉਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਵਪਾਰ ਪ੍ਰਤੀਨਿੱਧੀ (ਯੂ.ਐੱਸ.ਟੀ.ਆਰ.) ਰਾਬਰਟ ਲਾਈਟਹਾਈਜਰ ਨੇ ਮੰਗਲਵਾਰ ਨੂੰ ਕਿਹਾ, ''ਰਾਸ਼ਟਰਪਤੀ ਟਰੰਪ ਪਰੇਸ਼ਾਨ ਹਨ ਕਿ ਸਾਡੇ ਕਈ ਵਪਾਰਕ ਭਾਗੀਦਾਰ ਸਾਡੀਆਂ ਕੰਪਨੀਆਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਟੈਕਸ ਯੋਜਨਾਵਾਂ ਨੂੰ ਲਾਗੂ ਕਰ ਰਹੇ ਹਨ। ਜਿਨ੍ਹਾਂ ਹੋਰ ਦੇਸ਼ਾਂ ਖਿਲਾਫ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ, ਉਨ੍ਹਾਂ ਵਿਚ ਆਸਟਰੀਆ, ਬ੍ਰਾਜ਼ੀਲ, ਚੈੱਕ ਗਣਰਾਜ, ਯੂਰਪੀ ਸੰਘ, ਇੰਡੋਨੇਸ਼ੀਆ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਸ਼ਾਮਲ ਹਨ।
ਉਨ੍ਹਾਂ ਕਿਹਾ, ''ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਭੇਦ-ਭਾਵ ਖਿਲਾਫ ਆਪਣੇ ਕਾਰੋਬਾਰਾਂ ਅਤੇ ਕਾਮਿਆਂ ਦੀ ਰੱਖਿਆ ਲਈ ਸਮੁਚਿਤ ਕਾਰਵਾਈ ਲਈ ਤਿਆਰ ਹਾਂ। ਉਨ੍ਹਾਂ ਕਿਹਾ ਇਨ੍ਹਾਂ ਟੈਕਸਾਂ ਨੂੰ ਡਿਜ਼ੀਟਲ ਸੇਵਾ ਟੈਕਸ ਜਾਂ ਡੀ.ਐਸ.ਟੀ. ਕਿਹਾ ਜਾਂਦਾ ਹੈ। ਉਪਲੱਬਧ ਸਬੂਤ ਦੱਸਦੇ ਹਨ ਕਿ ਡੀ.ਐੱਸ.ਟੀ. ਨਾਲ ਅਮਰੀਕਾ ਦੀ ਵੱਡੀ ਤਕਨੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਯੂ.ਐੱਸ.ਟੀ.ਆਰ. ਨੇ ਕਿਹਾ ਕਿ ਭਾਰਤ ਨੇ ਮਾਰਚ 2020 ਵਿਚ 2 ਦੋ ਫ਼ੀਸਦੀ ਦੇ ਡੀ.ਐੱਸ.ਟੀ. ਨੂੰ ਅਪਣਾਇਆ। ਇਹ ਟੈਕਸ ਸਿਰਫ ਭਾਰਤ ਤੋਂ ਬਾਹਰ ਰਹਿ ਕੇ ਕੰਮ ਕਰਨ ਵਾਲੀਆਂ ਕੰਪਨੀਆਂ 'ਤੇ ਲਾਗੂ ਹੁੰਦਾ ਹੈ ਅਤੇ ਇਹ ਕੰਪਨੀਆਂ ਭਾਰਤ ਵਿਚ ਕਿਸੇ ਵਿਅਕਤੀ ਨੂੰ ਵਸਤਾਂ ਅਤੇ ਸੇਵਾਵਾਂ ਦੀ ਆਨਲਾਈਨ ਵਿਕਰੀ ਕਰਦੀਆਂ ਹਨ।