ਅਮਰੀਕਾ ''ਚ 24 ਘੰਟੇ ਦੌਰਾਨ 1568 ਮੌਤਾਂ, ਦੁਨੀਆ ''ਚ ਪੀੜਤਾਂ ਦਾ ਅੰਕੜਾ 41 ਲੱਖ ਦੇ ਪਾਰ

Sunday, May 10, 2020 - 06:20 PM (IST)

ਵਾਸ਼ਿੰਗਟਨ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 80 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 41 ਲੱਖ 01 ਹਜ਼ਾਰ ਤੋਂ ਵੱਧ ਚੁੱਕੀ ਹੈ। ਇਹਨਾਂ ਵਿਚੋਂ 14 ਲੱਖ 41 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੁਨੀਆ ਵਿਚ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਵਿਚ ਕੋਰੋਨਾਵਾਇਰਸ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ।

ਅਮਰੀਕਾ 'ਚ 24 ਘੰਟੇ ਦੌਰਾਨ 1568 ਲੋਕਾਂ ਦੀ ਮੌਤ
ਅਮਰੀਕਾ ਵਿਚ ਕੋਰੋਨਾ ਦਾ ਕਹਿਰ ਕੰਟਰੋਲ ਵਿਚ ਨਹੀਂ ਆ ਰਿਹਾ। ਬੀਤੇ 24 ਘੰਟਿਆਂ ਦੌਰਾਨ ਇੱਥੇ 1568 ਲੋਕਾਂ ਦੀ ਮੌਤ ਹੋ ਗਈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 80,037 ਹੋ ਚੁੱਕੀ ਹੈ। ਜਦਕਿ ਪੀੜਤਾਂ ਦੀ ਗਿਣਤੀ 1,347,309 ਪਹੁੰਚ ਗਈ ਹੈ।

ਬਰਾਕ ਓਬਾਮਾ ਨੇ ਕੀਤੀ ਟਰੰਪ ਦੀ ਆਲੋਚਨਾ
ਦੇਸ ਵਿਚ ਕੋਰੋਨਾ ਕਾਰਨ ਚੱਲ ਰਹੇ ਬੁਰੇ ਹਾਲਾਤਾਂ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਰਾਕ ਓਬਾਮਾ ਨੇ ਕੋਰੋਨਾ ਵਿਰੁੱਧ ਜੰਗ ਵਿਚ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਨੂੰ 'ਅਰਾਜਕ ਆਫਤ' ਕਰਾਰ ਦਿੱਤਾ ਹੈ।ਓਬਾਮਾ ਨੇ ਕਿਹਾ,''ਅਸੀਂ ਸਵਾਰਥੀ ਹੋਣ, ਵੰਡੇ ਹੋਣ ਅਤੇ ਦੂਜਿਆਂ ਨੂੰ ਦੁਸ਼ਮਣ ਵਾਂਗ ਦੇਖਣ ਜਿਹੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੁਝਾਨਾਂ ਨਾਲ ਲੜ ਰਹੇ ਹਾਂ। ਇਹ ਰੁਝਾਨ ਅਮਰੀਕੀ ਜੀਵਨ ਵਿਚ ਮਜ਼ਬੂਤੀ ਨਾਲ ਘਰ ਬਣਾ ਚੁੱਕੇ ਹਨ। ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਇਹੀ ਦੇਖ ਰਹੇ ਹਾਂ। ਇਹੀ ਕਾਰਨ ਹੈ ਕਿ ਇਸ ਗਲੋਬਲ ਸੰਕਟ ਨੂੰ ਲੈ ਕੇ ਪ੍ਰਤਿਕਿਰਿਆ ਅਤੇ ਕਾਰਵਾਈ ਇੰਨੀ ਕਮਜ਼ੋਰ ਅਤੇ ਦਾਗਦਾਰ ਹੈ।''

ਈਰਾਨ 'ਚ 1500 ਤੋਂ ਵਧੇਰੇ ਮਾਮਲੇ
ਈਰਾਨ ਨੇ ਸ਼ਨੀਵਾਰ ਨੂੰ ਚਿਤਾਵਨੀ ਜਾਰੀ ਕੀਤੀ ਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਇਨਫੈਕਸ਼ਨ ਵਿਚ ਕਮੀ ਆਉਣ ਦੇ ਬਾਵਜੂਦ ਦੱਖਣੀ-ਪੱਛਮੀ ਹਿੱਸੇ ਵਿਚ ਕੋਵਿਡ-19 ਦੇ ਨਵੇਂ ਮਾਮਲੇ ਵੱਧ ਰਹੇ ਹਨ। ਨਾਲ ਹੀ ਉਸ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੇ 1500 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਰਿਪੋਰਟ ਮੁਤਾਬਕ ਖੁਜੇਸਤਾਨ ਦੇ ਇਲਾਵਾ ਰਾਜਧਾਨੀ ਤੇਹਰਾਨ ਅਤੇ ਸ਼ਿਆਵਾਂ ਦਾ ਪ੍ਰਮੁੱਖ ਸਥਲ ਕੋਮ ਹਾਲੇ ਵੀ ਰੈੱਡ ਜ਼ੋਨ ਵਿਚ ਹੈ। ਬੁਲਾਰੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 1,529 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤੱਕ ਇਨਫੈਕਸ਼ਨ ਦੇ ਕੁ4ਲ 1,06,220 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਇਨਫੈਕਸ਼ਨ ਨਾਲ ਦੇਸ਼ ਵਿਚ ਹੁਣ ਤੱਕ 6,589 ਲੋਕਾਂ ਦੀ ਮੌਤ ਹੋਈ ਹੈ।

ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 41 ਲੱਖ ਦੇ ਪਾਰ
ਮੌਜੂਦ ਸਮੇਂ ਵਿਚ ਦੁਨੀਆ ਭਰ ਵਿਚ ਪੀੜਤਾਂ ਦੀ ਗਿਣਤੀ 41 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ 187 ਦੇਸ਼ਾਂ ਅਤੇ ਖੇਤਰਾਂ ਵਿਚ ਹੁਣ ਤੱਕ 41 ਲੱਖ 01 ਹਜ਼ਾਰ ਤੋਂ ਵਧੇਰ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਬ੍ਰਾਜ਼ੀਲ ਵਿਚ 24 ਘੰਟੇ ਦੌਰਾਨ ਰਿਕਾਰਡ 10,222 ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 1,47,261 ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਵੀ 10,044 ਹੋ ਚੁੱਕੀ ਹੈ।
ਉੱਥੇ ਯੂਰਪ ਵਿਚ ਮਰੀਜ਼ਾਂ ਦੇ ਮਾਮਲੇ ਵਿਚ ਸਪੇਨ ਅਤੇ ਮੌਤਾਂ ਦੇ ਮਾਮਲੇ ਵਿਚ ਬ੍ਰਿਟੇਨ ਸਭ ਤੋਂ ਉੱਪਰ ਹੈ।

ਸਪੇਨ ਵਿਚ ਹੁਣ ਤੱਕ 2,62,783 ਲੋਕ ਇਸ ਦੀ ਚਪੇਟ ਵਿਚ ਆਏ ਹਨ ਅਤੇ 26,478 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਧਰ ਬ੍ਰਿਟੇਨ ਵਿਚ ਹੁਣ ਤੱਕ 215,260 ਲੋਕ ਇਨਫੈਕਟਿਡ ਹੋਏ ਹਨ ਅਤੇ 31,587 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਟਲੀ ਵਿਚ ਵੀ ਮ੍ਰਿਤਕਾਂ ਦਾ ਅੰਕੜਾ 30 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤੱਕ 30,395 ਲੋਕ ਮਰੇ ਹਨ ਜਦਕਿ 2,18,268 ਪੀੜਤ ਹਨ।

ਜਰਮਨੀ ਵਿਚ ਪਿਛਲੇ 24 ਘੰਟੇ ਦੌਰਾਨ 147 ਇਨਫੈਕਟਿਡਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 7,510 ਹੋ ਗਿਆ। ਹੁਣ ਤੱਕ ਦੇਸ਼ ਵਿਚ 170,876 ਪੀੜਤ ਹਨ। ਨਾਲ ਹੀ 143,300 ਤੋਂ ਵਧੇਰੇ ਮਰੀਜ਼ ਠੀਕ ਵੀ ਹੋਏ ਹਨ। ਫਰਾਂਸ ਵਿਚ ਮਰਨ ਵਾਲਿਆਂ ਦੀ ਗਿਣਤੀ 26,230 ਹੋ ਗਈ।ਦੇਸ਼ ਵਿਚ 1.76 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ।


Vandana

Content Editor

Related News