ਸੰਯੁਕਤ ਰਾਜ ਦੇ ਜ਼ਿਆਦਾਤਰ ਸਿਹਤ ਕਾਮੇ ਕਰ ਰਹੇ ਹਨ ਕੋਰੋਨਾ ਟੀਕਾ ਲਗਵਾਉਣ ਤੋਂ ਇਨਕਾਰ
Sunday, Jan 03, 2021 - 11:42 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸੰਯੁਕਤ ਰਾਜ ਵਿੱਚ ਕੋਵਿਡ-19 ਟੀਕਾਕਰਨ ਪ੍ਰਕਿਰਿਆ ਵਿੱਚ ਸਿਹਤ ਦੇਖਭਾਲ ਕਰਨ ਵਾਲੇ ਕਾਮੇ ਪਹਿਲੀ ਤਰਜੀਹ ਵਿੱਚ ਰੱਖੇ ਗਏ ਹਨ ਪਰ ਦੇਸ਼ ਭਰ ਵਿੱਚ ਜ਼ਿਆਦਾਤਰ ਸਿਹਤ ਕਾਮੇ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਹਨ। ਇਸ ਮਾਮਲੇ ਵਿੱਚ ਓਹੀਓ ਸੂਬੇ ਦੇ ਗਵਰਨਰ ਮਾਈਕ ਡਿਵਾਈਨ ਨੇ ਖੁਲਾਸਾ ਕੀਤਾ ਹੈ ਕਿ ਸੂਬੇ ਵਿਚ ਲੱਗਭਗ 60 ਫ਼ੀਸਦੀ ਨਰਸਿੰਗ ਹੋਮ ਕਾਮਿਆਂ ਨੇ ਹੁਣ ਤੱਕ ਟੀਕਾ ਨਾਂ ਲਗਵਾਉਣ ਦੀ ਚੋਣ ਕੀਤੀ ਹੈ ਅਤੇ ਇੱਕ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਨਿਊਯਾਰਕ ਸਿਟੀ ਦੇ ਵੀ ਅੱਧੇ ਤੋਂ ਵੱਧ ਈ. ਐਮ. ਐਸ. ਕਾਮਿਆਂ ਨੇ ਟੀਕੇ ਪ੍ਰਤੀ ਸ਼ੱਕ ਜ਼ਾਹਰ ਕੀਤਾ ਹੈ।
ਇਸ ਦੇ ਇਲਾਵਾ ਟੀਕਾਕਰਨ ਸੰਬੰਧੀ ਰਿਪੋਰਟਾਂ ਅਨੁਸਾਰ ਕੈਲੀਫੋਰਨੀਆ ਅਤੇ ਟੈਕਸਾਸ ਸੂਬੇ ਵਿਚ ਵੀ ਸਿਹਤ ਕਾਮਿਆਂ ਨੇ ਟੀਕਾ ਲਗਾਉਣ ਤੋਂ ਇਨਕਾਰ ਕੀਤਾ ਹੈ, ਜਿਸ ਤਹਿਤ ਰਿਵਰਸਾਈਡ ਕਾਊਂਟੀ ਵਿੱਚ ਵੀ ਅੰਦਾਜ਼ਨ 50 ਫ਼ੀਸਦੀ ਸਿਹਤ ਕਾਮਿਆਂ ਨੇ ਟੀਕਾ ਨਾਂ ਲਗਵਾਉਣ ਦਾ ਬਦਲ ਚੁਣਿਆ ਹੈ। ਕੈਲੀਫੋਰਨੀਆ ਦੇ ਸੈਂਟ ਐਲਿਜ਼ਾਬੈਥ ਕਮਿਊਨਿਟੀ ਹਸਪਤਾਲ ਵਿੱਚ ਅੱਧੇ ਤੋਂ ਵੱਧ ਸਿਹਤ ਕਾਮੇ ਜੋ ਟੀਕਾ ਪ੍ਰਾਪਤ ਕਰਨ ਦੇ ਯੋਗ ਸਨ, ਨੇ ਵੀ ਟੀਕਾਕਰਨ ਨਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਸਿਹਤ ਕਾਮਿਆਂ ਵੱਲੋਂ ਟੀਕਾ ਨਾਂ ਲਗਵਾਉਣ ਦੇ ਕਾਰਨ ਜਾਂ ਬਹਾਨੇ ਨੂੰ ਜਾਣਨ ਲਈ ਕੈਸਰ ਫੈਮਲੀ ਫਾਉਂਡੇਸ਼ਨ ਵੱਲੋਂ ਕੀਤੇ ਇੱਕ ਤਾਜ਼ਾ ਸਰਵੇਖਣ ਵਿੱਚ ਦੇਖਿਆ ਗਿਆ ਹੈ ਕਿ 29 ਫ਼ੀਸਦੀ ਸਿਹਤ ਕਾਮੇ ਟੀਕੇ ਤੋਂ ਝਿਜਕ ਹੋਣ ਕਾਰਨ ਇਨਕਾਰ ਕਰ ਰਹੇ ਹਨ। ਇਸ ਦੇ ਇਲਾਵਾ ਹੋਰ ਕਾਰਨਾਂ ਵਿੱਚ ਕਈ ਕਾਮੇ ਸੋਚਦੇ ਹਨ ਕਿ ਉਨ੍ਹਾਂ ਨੂੰ ਮਹਾਮਾਰੀ ਦੌਰਾਨ ਟੀਕੇ ਦੀ ਜ਼ਰੂਰਤ ਨਹÄ ਹੈ। ਕੋਰੋਨਾ ਟੀਕਾਕਰਨ ਦੇ ਮਾਮਲੇ ਬਾਰੇ ਹਾਰਵਰਡ ਦੇ ਮਹਾਮਾਰੀ ਵਿਗਿਆਨੀ ਮਾਰਕ ਲਿਪਸਿਚ ਅਨੁਸਾਰ ਸਿਰਫ਼ ਸਿਹਤ ਸੰਭਾਲ ਕਾਮਿਆਂ ਵਿੱਚ ਹੀ ਨਹੀਂ, ਸਗੋਂ ਆਮ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਟੀਕਾ ਲਗਵਾਉਣ ਤੋਂ ਇਨਕਾਰ ਕਰਨਾ ਕਿਸੇ ਵੱਡੀ ਮੁਸ਼ਕਲ ਦਾ ਕਾਰਨ ਬਣ ਸਕਦਾ ਹੈ।