ਨਿਊ ਹੈਮਪਸ਼ਾਇਰ ਪ੍ਰਾਇਮਰੀ ''ਚ ਸੈਂਡਰਸ ਅਤੇ ਟਰੰਪ ਜਿੱਤੇ

02/12/2020 3:56:38 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਪ੍ਰਮੁੱਖ ਰਾਜ ਨਿਊ ਹੈਮਪਸ਼ਾਇਰ ਵਿਚ ਮੰਗਲਵਾਰ ਨੂੰ ਹੋਈਆਂ ਡੈਮੋਕ੍ਰੈਟਿਕ ਪਾਰਟੀ ਦੀਆਂ ਖਾਸ ਪ੍ਰਾਇਮਰੀ ਵਿਚ ਸਾਂਸਦ ਬਰਨੀ ਸੈਂਡਰਸ ਜਿੱਤੇ ਹਨ। ਇਸ ਜਿੱਤ ਨਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਉਹਨਾਂ ਦੇ ਪ੍ਰਚਾਰ ਨੂੰ ਕਾਫੀ ਬਲ ਮਿਲੇਗਾ ਕਿਉਂਕਿ ਅਗਲੇ ਕੁਝ ਮਹੀਨਿਆਂ ਵਿਚ ਉਹਨਾਂ ਦੀ ਪਾਰਟੀ ਦੀ ਨਾਮਜ਼ਦਗੀ ਦੀ ਦੌੜ ਤੇਜ਼ ਹੋਣ ਵਾਲੀ ਹੈ। ਮੁੜ ਚੁਣੇ ਜਾਣ ਦੀ ਕੋਸ਼ਿਸ਼ ਵਿਚ ਲੱਗੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਨਿਊ ਹੈਮਪਸ਼ਾਇਰ ਵਿਚ ਰੀਪਬਲਿਕਨ ਪ੍ਰਾਇਮਰੀ ਵਿਚ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ। 

2016 ਵਿਚ ਰਾਸ਼ਟਰਪਤੀ ਚੋਣਾਂ ਲਈ ਹੋਈ ਪ੍ਰਾਇਮਰੀ ਵਿਚ ਸੈਂਡਰਸ (78) ਨਿਊ ਹੈਮਪਸ਼ਾਇਰ ਤੋਂ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੋਂ ਹਾਰ ਗਏ ਸਨ। ਇਸ ਵਾਰ ਉਹ ਆਪਣੇ ਕਰੀਬੀ ਵਿਰੋਧੀ ਪੀਟ ਬਟਿਗੀਗ ਨਾਲੋਂ ਅੱਗੇ ਹਨ। ਕਰੀਬ 85 ਫੀਸਦੀ ਵੋਟਾਂ ਦੀ ਗਿਣਤੀ ਦੇ ਬਾਅਦ ਵਰਮੋਂਟ ਤੋਂ ਸੈਨੇਟਰ ਸੈਂਡਰਸ ਨੂੰ 26 ਫੀਸਦੀ ਵੋਟਾਂ ਮਿਲੀਆਂ ਉੱਥੇ ਇੰਡੀਆਨਾ ਦੇ ਸਾਬਕਾ ਮੇਅਰ ਬਟਿਗੀਗ 24.4 ਫੀਸਦੀ ਵੋਟਾਂ ਦੇ ਨਾਲ ਦੂਜੇ ਅਤੇ ਐਮੀ ਕਲੋਬੁਚਰ 19.8 ਫੀਸਦੀ ਵੋਟਾਂ ਦੇ ਨਾਲ ਤੀਜੇ ਸਥਾਨ 'ਤੇ ਹਨ।ਮੈਸਾਚੁਸੇਟਸ ਤੋਂ ਸਾਂਸਦ ਐਲੀਜ਼ਾਬੇਥ ਵਾਰੇਨ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਕ੍ਰਮਵਾਰ ਚੌਥੇ ਅਤੇ ਪੰਜਵੇਂ ਨੰਬਰ 'ਤੇ ਰਹੇ। 

ਸੈਂਡਰਸ ਨੇ ਆਪਣੀ ਜਿੱਤ ਦੇ ਬਾਅਦ ਕਿਹਾ,''ਹੁਣ ਜਦਕਿ ਸਾਨੂੰ ਹੈਮਪਸ਼ਾਇਰ ਵਿਚ ਇਕ ਹੋਰ ਜਿੱਤੀ ਮਿਲੀ ਹੈ, ਸ਼ਾਸਨ ਅਤੇ ਕਾਰੋਬਾਰੀ ਇਲੀਟ ਲੋਕ ਸਾਨੂੰ ਹਰ ਤਰ੍ਹਾਂ ਨਾਲ ਘੇਰਨ ਦੀ ਕੋਸ਼ਿਸ਼ ਕਰਨਗੇ।'' ਰੀਪਬਲਿਕਨ ਪਾਰਟੀ ਅਤੇ ਟਰੰਪ ਦੀ ਮੁਹਿੰਮ ਦਲ ਨੇ ਕਿਹਾ ਕਿ ਡੈਮੋਕ੍ਰੈਟਿਕ ਪ੍ਰਾਇਮਰੀ ਵਿਚ ਸੈਂਡਰਸ ਦੀ ਜਿੱਤ ਦਰਸਾਉਂਦੀ ਹੈ ਕਿ ਡੈਮੋਕ੍ਰੈਟਿਕ ਪਾਰਟੀ ਵਿਚ ਸਮਾਜਵਾਦ ਨੇ ਗਤੀ ਫੜ ਲਈ ਹੈ। ਰੀਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੀ ਪ੍ਰਮੁੱਖ ਰੋਨਾ ਮੈਕਡੇਨੀਅਲ ਨੇ ਇਕ ਬਿਆਨ ਵਿਚ ਕਿਹਾ,''ਇਕ ਗੱਲ ਸਾਫ ਹੈ ਕਿ ਲਗਾਤਾਰ ਦੂਜੀ ਵਾਰ ਬਰਨੀ ਸੈਂਡਰਸ ਦਾ ਜਿੱਤਣਾ ਦਿਖਾਉਂਦਾ ਹੈ ਕਿ ਅੱਜ ਦੀ ਡੈਮੋਕ੍ਰੈਟਿਕ ਪਾਰਟੀ ਵਿਚ ਸਮਾਜਵਾਦ ਮੁੱਖਧਾਰਾ ਬਣ ਗਈ ਹੈ।'' 

ਟਰੰਪ ਲਈ 2020 ਚੋਣ ਦੇ ਪ੍ਰਚਾਰ ਪ੍ਰਬੰਧਕ ਬ੍ਰੈਡ ਪਾਰਸਕੇਲ ਨੇ ਕਿਹਾ,''ਨਿਊ ਹੈਮਪਸ਼ਾਇਰ ਵਿਚ ਡੈਮੋਕ੍ਰੇਟ ਦੀ ਕਹਾਣੀ ਸਰਕਾਰ ਦੀ ਵੱਡੀ ਸਮਾਜਵਾਦੀ ਨੀਤੀਆਂ ਦਾ ਦਬਦਬਾ ਜਾਰੀ ਰਹਿਣ ਅਤੇ ਇਹਨਾਂ ਨੀਤੀਆਂ ਦੇ ਮਿਆਰੀ ਅਹੁਦੇਦਾਰ ਬਰਨੀ ਸੈਂਡਰਸ ਦੀ ਸਫਲਤਾ ਨੂੰ ਦਿਖਾਉਂਦੀ ਹੈ।'' ਉਹਨਾਂ ਨੇ ਕਿਹਾ,''ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਾਇਮਰੀ ਦੀਆਂ ਮਹੀਨਿਆਂ ਲੰਬੀਆਂ ਚੱਲਣ ਵਾਲੀਆਂ ਪ੍ਰਕਿਰਿਆਵਾਂ ਵਿਚੋਂ ਅਖੀਰ ਵਿਚ ਕਿਹੜਾ ਡੈਮੋਕ੍ਰੇਟ ਉਮੀਦਵਾਰ ਉੱਭਰ ਕੇ ਆਉਂਦਾ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਰਾਸ਼ਟਰਪਤੀ ਟਰੰਪ ਦੀਆਂ ਉਪਲਬਧੀਆਂ ਦਾ ਰਿਕਾਰਡ ਅਤੇ ਭਵਿੱਖ ਲਈ ਉਹਨਾਂ ਦਾ ਆਸ਼ਾਵਾਦੀ ਨਜ਼ਰੀਆ ਡੈਮੋਕ੍ਰੈਟਸ ਅਤੇ ਉਹਨਾਂ ਦੇ ਸਮਾਜਵਾਦੀ, ਨੌਕਰੀ ਖੋਹਣ ਵਾਲੇ ਏਜੰਡੇ ਤੋਂ ਉੱਪਰ ਹੋਵੇਗਾ।'' ਇਸ ਸਾਲ ਦੇ ਅਖੀਰ ਵਿਚ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋ ਪਹਿਲਾਂ, ਵ੍ਹਾਈਟ ਹਾਊਸ ਦੀ ਉਮੀਦਵਾਰੀ ਦੇ ਦਾਅਵੇਦਾਰ ਆਪਣੀ ਪਾਰਟੀ ਵੱਲੋਂ ਨਾਮਜ਼ਦ ਕੀਤੇ ਜਾਣ ਲਈ ਦੇਸ਼ ਭਰ ਵਿਚ ਪ੍ਰਾਇਮਰੀ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ।


Vandana

Content Editor

Related News