ਉੱਤਰੀ ਕੈਰੋਲਿਨਾ ''ਚ ਦੋ ਟ੍ਰਾਂਸਜੈਂਡਰਾਂ ਦੇ ਕਤਲ ਦੇ ਦੋਸ਼ ''ਚ 2 ਵਿਅਕਤੀ ਗ੍ਰਿਫ਼ਤਾਰ
Monday, Apr 19, 2021 - 10:42 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸ਼ਾਰਲੋਟ(ਉੱਤਰੀ ਕੈਰੋਲਿਨਾ) ਵਿਚ ਪੁਲਸ ਨੇ ਸ਼ੁੱਕਰਵਾਰ ਨੂੰ ਦੋ ਟ੍ਰਾਂਸਜੈਂਡਰ ਔਰਤਾਂ ਦੇ ਕਤਲ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਬਾਰੇ ਪੁਲਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਡੋਂਟਾਰੀਅਸ ਲੋਂਗ ਅਤੇ ਜੋਅਲ ਬ੍ਰੇਵਰ ਨਾਮ ਦੇ ਵਿਅਕਤੀਆਂ ਉੱਤੇ ਕਤਲ, ਖ਼ਤਰਨਾਕ ਹਥਿਆਰ ਨਾਲ ਲੁੱਟ ਦੀ ਸਾਜ਼ਿਸ਼ ਦੇ ਨਾਲ-ਨਾਲ ਟ੍ਰਾਂਸਜੈਂਡਰਾਂ ਦੀ ਮੌਤ ਆਦਿ ਲਈ ਦੋਸ਼ ਲਗਾਏ ਗਏ ਹਨ।
ਇਸ ਹੱਤਿਆਕਾਂਡ ਦੀਆਂ ਪੀੜਤਾਂ ਵਿਚੋਂ ਇਕ ਜੈਦਾ ਪੀਟਰਸਨ ਨੂੰ ਈਸਟਰ ਐਤਵਾਰ ਨੂੰ ਹਵਾਈ ਅੱਡੇ ਨੇੜੇ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ 11 ਦਿਨਾਂ ਬਾਅਦ, ਰੇਮੀ ਫੇਨਲ ਨੂੰ ਵੀ ਯੂਨੀਵਰਸਿਟੀ ਸਿਟੀ ਦੇ ਸਲੀਪ ਇਨ ਵਿਚ ਗੋਲੀ ਮਾਰੀ ਗਈ ਸੀ। ਪੁਲਸ ਬੁਲਾਰੇ ਰੌਬ ਤੁਫਾਨੋ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਵੇਂ ਔਰਤਾਂ ਟ੍ਰਾਂਸਜੈਂਡਰ ਅਤੇ ਸੈਕਸ ਵਰਕਰ ਸਨ। ਸ਼ਾਰਲੋਟ ਪੁਲਸ ਹਮਲਿਆਂ ਦੇ ਉਦੇਸ਼ ਦੀ ਭਾਲ ਕਰ ਰਹੀ ਹੈ ਪਰ ਇਸ ਕਤਲੇਆਮ ਨੂੰ ਨਫ਼ਰਤ ਦੇ ਜੁਰਮ ਵਜੋਂ ਨਹੀਂ ਠਹਿਰਾਇਆ ਹੈ। ਇਸ ਸੰਬੰਧੀ ਸਥਾਨਕ ਵਾਇਓਲੈਂਟ ਕ੍ਰਾਈਮ ਯੂਨਿਟ ਦੇ ਸੁਪਰਵਾਈਜ਼ਰ ਬ੍ਰਾਇਨ ਕ੍ਰਮ ਨੇ ਕਿਹਾ ਕਿ ਜਾਂਚਕਰਤਾ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਲੋਂਗ ਅਤੇ ਬ੍ਰੇਵਰ ਇਕ ਦੂਜੇ ਨੂੰ ਕਿਵੇਂ ਜਾਣਦੇ ਸਨ। ਮਨੁੱਖੀ ਅਧਿਕਾਰ ਮੁਹਿੰਮ ਦੇ ਅਨੁਸਾਰ 2021 ਵਿਚ ਘੱਟੋ ਘੱਟ 15 ਟ੍ਰਾਂਸਜੈਂਡਰ ਲੋਕਾਂ ਦੀ ਹਿੰਸਕ ਢੰਗ ਨਾਲ ਹੱਤਿਆ ਕੀਤੀ ਗਈ ਹੈ।