'ਇੰਮੀਗ੍ਰੇਂਟ ਕੈਦੀਆਂ ਨੂੰ ਜ਼ਬਰਦਸਤੀ ਭੋਜਨ ਖਵਾਉਣਾ ਸੰਧੀ ਦਾ ਉਲੰਘਣ'
Tuesday, Feb 12, 2019 - 06:08 PM (IST)
ਸੰਯੁਕਤ ਰਾਸ਼ਟਰ— ਅਮਰੀਕਾ 'ਚ ਭਾਰਤੀਆਂ ਸਣੇ ਇੰਮੀਗ੍ਰੇਂਟ ਕੈਦੀਆਂ ਨੂੰ ਜ਼ਬਰਦਸਤੀ ਤਰਲ ਪਦਾਰਥ ਦਿੱਤੇ ਜਾਣ 'ਤੇ ਚਿੰਤਾਵਾਂ ਦੇ ਵਿਚਾਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਨੇ ਕਿਹਾ ਕਿ ਭੁੱਖ ਹੜਤਾਲ ਕਰ ਰਹੇ ਕੈਦੀਆਂ ਨੂੰ ਜ਼ਬਰਦਸਤੀ ਭੋਜਨ ਖਵਾਉਣਾ 'ਗੈਰ-ਮਨੁੱਖੀ' ਤੇ 'ਸਵਿਕਾਰਯੋਗ ਨਹੀਂ' ਹੈ ਤੇ ਇਹ ਸੰਯੁਕਤ ਰਾਸ਼ਟਰ ਦੀ ਸੰਧੀ ਦਾ ਉਲੰਘਣ ਹੋ ਸਕਦਾ ਹੈ।
ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਟੈਕਸਾਸ ਦੇ ਇਕ ਕੇਂਦਰ 'ਚ ਹਾਲਾਤ ਦੇ ਵਿਰੋਧ 'ਚ ਭੁੱਖ ਹੜਤਾਲ ਕਰ ਰਹੇ ਭਾਰਤੀਆਂ ਸਣੇ ਘੱਟ ਤੋਂ ਘੱਟ 6 ਇੰਮੀਗ੍ਰੇਂਟ ਕੈਦੀਆਂ ਨੂੰ ਨੱਕ 'ਚ ਨਲੀ ਪਾ ਕੇ ਜ਼ਬਰਦਸਤੀ ਤਰਲ ਪਦਾਰਥ ਦਿੱਤਾ ਸੀ। ਭਾਰਤੀ ਅਮਰੀਕਾ ਸਮੂਹਾਂ ਨੇ ਇਸ ਦੀ ਸਖਤ ਨਿੰਦਾ ਕੀਤੀ ਸੀ ਤੇ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੱਸਿਆ ਸੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਦੇ ਜਿਨੇਵਾ ਸਥਿਤ ਦਫਤਰ ਦੀ ਬੁਲਾਰਨ ਰਵੀਨਾ ਸ਼ਮਦਾਸਾਨੀ ਨੇ ਕਿਹਾ ਕਿ ਕਿਸੇ ਨੂੰ ਡਰਾਕੇ, ਧਮਕਾ ਕੇ, ਜ਼ਬਰਦਸਤੀ ਭੋਜਨ ਖਵਾਉਣਾ ਗਲਤ ਹੈ, ਚਾਹੇ ਇਸ ਦਾ ਮਕਸਦ ਕਿਸੇ ਦਾ ਭਲਾ ਕਰਨਾ ਹੋਵੇ। ਭੁੱਖ ਹੜਤਾਲ ਕਰ ਰਹੇ ਹੋਰਾਂ ਲੋਕਾਂ ਨੂੰ ਡਰਾ ਕੇ ਅਜਿਹਾ ਕਰਨ ਤੋਂ ਰੋਕਣ ਲਈ ਕੁਝ ਕੈਦੀਆਂ ਨੂੰ ਜ਼ਬਰਦਸਤੀ ਭੋਜਨ ਖਵਾਉਣਾ ਵੀ ਸਵਿਕਾਰ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਤਸ਼ੱਦਦ ਰੋਕੂ ਸੰਯੁਕਤ ਰਾਸ਼ਟਰ ਦੀ ਇਕਾਈ ਨੇ ਇਸ ਗੱਲ 'ਤੇ ਵਿਚਾਰ ਕੀਤਾ ਕਿ ਭੁੱਖ ਹੜਤਾਲ ਕਰ ਰਹੇ ਤੇ ਆਜ਼ਾਦੀ ਤੋਂ ਵਾਂਝੇ ਲੋਕਾਂ ਦੀ ਇੱਛਾ ਦੇ ਖਿਲਾਫ ਉਨ੍ਹਾਂ ਨੂੰ ਭੋਜਨ ਖਵਾਉਣਾ ਸੰਧੀ ਦਾ ਉਲੰਘਣ ਕਰਕੇ ਤਸ਼ੱਦਦ ਕਰਨ ਦੇ ਬਰਾਬਰ ਹੋ ਸਕਦਾ ਹੈ।
ਇੰਮੀਗ੍ਰੇਸ਼ਨ ਤੇ ਆਈ.ਈ.ਸੀ. ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਬਿਆਨ 'ਚ ਕਿਹਾ ਸੀ ਕਿ ਐੱਲਪਾਸੋ 'ਚ 11 ਕੈਦੀਆਂ ਨੇ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਦੇਸ਼ ਭਰ 'ਚ ਵੱਖ-ਵੱਖ ਨਜ਼ਰਬੰਦੀ ਕੇਂਦਰਾਂ 'ਚ ਚਾਰ ਹੋਰ ਲੋਕ ਵੀ ਭੁੱਖ ਹੜਤਾਲ 'ਤੇ ਚਲੇ ਗਏ ਸਨ। ਆਈ.ਸੀ.ਈ. ਨੇ ਦੱਸਿਆ ਕਿ ਐੱਲਪਾਸੋ 'ਚ ਭੁੱਖ ਹੜਤਾਲ ਕਰ ਰਹੇ 11 'ਚੋਂ 6 ਲੋਕਾਂ ਨੂੰ ਜਨਵਰੀ ਦੇ ਮੱਧ 'ਚ ਇਕ ਫੈਡਰਲ ਕੋਰਟ ਜੱਜ ਦੇ ਹੁਕਮਾਂ ਤਹਿਤ ਜ਼ਬਰਦਸਤੀ ਭੋਜਨ ਖਵਾਇਆ ਗਿਆ। ਜਿਨ੍ਹਾਂ ਲੋਕਾਂ ਨੂੰ ਖਾਣਾ ਖਵਾਇਆ ਗਿਆ ਉਹ ਦੋ ਹਫਤਿਆਂ ਤੋਂ ਭੁੱਖ ਹੜਤਾਲ 'ਤੇ ਸਨ।
