800 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਿਤ

Tuesday, Dec 08, 2020 - 05:57 PM (IST)

800 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਿਤ

ਸੰਯੁਕਤ ਰਾਸ਼ਟਰ (ਬਿਊਰੋ): ਇਕ ਮਿਲਟਰੀ ਅਧਿਕਾਰੀ ਬੀਬੀ ਸਮੇਤ ਭਾਰਤ ਦੇ 800 ਸ਼ਾਂਤੀ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹਨਾਂ ਸਾਰਿਆਂ ਦਾ ਸੰਯੁਕਤ ਰਾਸ਼ਟਰ ਸੰਘ ਦੇ ਦੱਖਣੀ ਸੂਡਾਨ ਸ਼ਾਂਤੀ ਮਿਸ਼ਨ ਵਿਚ ਯੋਗਦਾਨ ਦੇ ਲਈ ਮੈਡਲ ਦੇ ਕੇ ਸਨਮਾਨ ਵਧਾਇਆ ਗਿਆ ਹੈ। ਇੱਥੋਂ ਦੇ ਰਾਜ ਕੋਆਰਡੀਨੇਟਰ ਇਨੋਸ ਕੂਮਾ ਨੇ ਕਿਹਾ ਕਿ ਭਾਰਤੀ ਸ਼ਾਂਤੀ ਸੈਨਿਕਾਂ ਨੇ ਨੀਲ ਨਦੀ ਦੇ ਉੱਪਰੀ ਹਿੱਸੇ ਵਿਚ ਨਾ ਸਿਰਫ ਭਾਰਤ ਸਗੋਂ ਸੰਯੁਕਤ ਰਾਸ਼ਟਰ ਸੰਘ ਦੇ ਵੀ ਸੱਚੇ ਸ਼ਾਂਤੀਦੂਤ ਦੀ ਤਰ੍ਹਾਂ ਕੰਮ ਕੀਤਾ।

ਸੰਯੁਕਤ ਰਾਸ਼ਟਰ ਦੇ ਦੱਖਣੀ ਸੂਡਾਨ ਮਿਸ਼ਨ ਨੇ ਦੱਸਿਆ ਕਿ ਇਹਨਾਂ 800 ਭਾਰਤੀ ਸ਼ਾਂਤੀ ਸੈਨਿਕਾਂ ਵਿਚ ਇੰਜੀਨੀਅਰਿੰਗ ਅਧਿਕਾਰੀ ਮੇਜਰ ਚੇਤਨਾ ਇਕੋਇਕ ਬੀਬੀ ਮਿਲਟਰੀ ਅਫਸਰ ਦੇ ਤੌਰ 'ਤੇ ਸ਼ਾਮਲ ਹਨ। ਉਹਨਾਂ ਦੀ 21 ਮੈਂਬਰੀ ਟੀਮ ਨੇ ਖੇਤਰ ਵਿਚ ਸੈਨਿਕਾਂ ਨੂੰ ਬਿਜਲੀ, ਜਨਤਕ ਸਹੂਲਤਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਲਈ ਹੋ ਰਹੇ ਕੰਮਾਂ ਦੀ ਦੇਖਭਾਲ ਕੀਤੀ। ਨੀਲ ਨਦੀ ਤੋਂ ਪਾਣੀ ਦੀ ਸਪਲਾਈ ਲੈ ਕੇ ਖੇਤਰ ਵਿਚ ਪਸ਼ੂ ਪਾਲਨ ਦੇ ਵਿਕਾਸ ਦੇ ਲਈ ਵੀ ਯੋਗਦਾਨ ਦਿੱਤਾ। ਇਹ ਮਿਸ਼ਨ ਕੋਵਿਡ-19 ਦੇ ਕਾਰਨ ਹੋਈ ਤਾਲਾਬੰਦੀ ਨਾਲ ਬਣੇ ਮੁਸ਼ਕਲ ਹਾਲਾਤ ਵਿਚ ਕੀਤਾ ਗਿਆ। ਦੱਖਣੀ ਸੂਡਾਨ ਵਿਚ ਭਾਰਤ ਦੇ ਰਾਜਦੂਤ ਐੱਸ.ਡੀ. ਮੂਰਤੀ ਨੇ ਦੋਹਾਂ ਦੇਸ਼ਾਂ ਦੇ ਦੋਸਤਾਨਾ ਸੰਬੰਧਾਂ ਦੇ ਮਜ਼ਬੂਤ ਹੋਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਅਕਤੂਬਰ 2020 ਤੋਂ ਭਾਰਤ ਦੇ 2340 ਸੈਨਿਕ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿਚ ਤਾਇਨਾਤ ਹਨ। ਇਹ ਰਵਾਂਡਾ ਦੇ ਬਾਅਦ ਸਭ ਤੋਂ ਵੱਡੀ ਗਿਣਤੀ ਹੈ।

ਪੜ੍ਹੋ ਇਹ ਅਹਿਮ ਖਬਰ- 2050 ਤੱਕ ਨਿਊਜ਼ੀਲੈਂਡ ਦੀ ਆਬਾਦੀ 6 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ

ਚੇਤਨਾ ਨੇ ਕਹੀ ਇਹ ਗੱਲ
ਮੇਜਰ ਚੇਤਨਾ ਵੱਲੋਂ ਕਿਹਾ ਗਿਆ ਕਿ ਉਹ ਪੁਰਸ਼ ਮਿਲਟਰੀ ਅਧਿਕਾਰੀਆਂ ਤੋਂ ਵੱਖ ਨਹੀਂ ਹੈ, ਉਸ ਦੇ ਨਾਲ ਬਰਾਬਰੀ ਦਾ ਵਿਵਹਾਰ ਹੁੰਦਾ ਹੈ। ਉਹਨਾਂ ਨੇ ਆਸ ਜ਼ਾਹਰ ਕੀਤੀ ਕਿ ਦੱਖਣੀ ਸੂਡਾਨ ਵਿਚ ਉਹਨਾਂ ਦੇ ਕਾਰਜਕਾਲ ਨਾਲ ਸੂਡਾਨ ਦੀਆਂ ਕੁੜੀਆਂ ਨੂੰ ਪ੍ਰੇਰਿਤ ਹੋਣ ਦਾ ਮੌਕਾ ਮਿਲੇਗਾ। ਉਹ ਖੁਦ ਵੀ ਬਚਪਨ ਵਿਚ ਟੀਵੀ 'ਤੇ ਪਰੇਡ ਦੇਖ ਕੇ ਸੈਨਾ ਵਿਚ ਜਾਣ ਲਈ ਪ੍ਰੇਰਿਤ ਹੋਈ।

ਨੋਟ- 800 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਿਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News