UK : ਭਾਰਤੀ ਮੂਲ ਦੇ ਮੇਘਨਾਦ ਨੇ ਨਸਲਵਾਦ ਦੇ ਦੋਸ਼ ''ਚ ਛੱਡੀ ਲੇਬਰ ਪਾਰਟੀ
Saturday, Nov 21, 2020 - 10:30 AM (IST)
ਲੰਡਨ- ਭਾਰਤੀ ਮੂਲ ਦੇ ਅਰਥਸ਼ਾਸਤਰੀ ਅਤੇ ਲੇਖਕ ਲਾਰਡ ਮੇਘਨਾਦ ਦੇਸਾਈ ਨੇ ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਪਾਰਟੀ 'ਤੇ ਨਸਲਵਾਦ ਤੋਂ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਵਿਚ ਅਸਫਲ ਰਹਿਣ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦਿੱਤਾ। ਉਹ ਬ੍ਰਿਟਿਸ਼ ਸੰਸਦ ਮੈਂਬਰ ਦੇ ਉੱਚ ਸਦਨ ਵਿਚ ਇਕ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਬੈਠਣਗੇ।
80 ਸਾਲਾ ਦੇਸਾਈ ਨੇ ਕਿਹਾ, " ਮੈਂ ਲੇਬਰ ਪਾਰਟੀ ਦਾ ਲੰਮੇ ਸਮੇਂ ਤੋਂ ਸਮਰਥਕ ਰਿਹਾ ਹਾਂ ਪਰ 49 ਸਾਲ ਬਾਅਦ ਵੀਰਵਾਰ ਨੂੰ ਆਪਣੀ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਲਿਆ ਹੈ। ਅਜਿਹਾ ਕਰਨ ਪਿੱਛੇ ਮੂਲ ਕਾਰਨ ਸਾਬਕਾ ਪਾਰਟੀ ਮੈਂਬਰ ਜੇਰੇਮੀ ਕਾਰਬਿਨ ਨੂੰ ਦੋਬਾਰਾ ਪਾਰਟੀ ਵਿਚ ਸ਼ਾਮਲ ਕਰਨਾ ਹੈ।"
ਦੇਸਾਈ ਨੇ ਕਿਹਾ ਕਿ ਦੇਸ਼ ਦੇ ਮਨੁੱਖੀ ਅਧਿਕਾਰ ਵਿਭਾਗ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਕੰਮਾਂ ਲਈ ਜ਼ਿੰਮੇਵਾਰ ਪਾਇਆ ਸੀ ਪਰ ਕੱਢਣ ਦੇ 19 ਦਿਨਾਂ ਬਾਅਦ ਉਨ੍ਹਾਂ ਨੂੰ ਫਿਰ ਪਾਰਟੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਦੇਸਾਈ ਨੇ ਕਿਹਾ ਕਿ ਬਿਨਾਂ ਕਿਸੇ ਮੁਆਫੀ ਦੇ ਉਨ੍ਹਾਂ ਨੂੰ ਫਿਰ ਪਾਰਟੀ ਵਿਚ ਸ਼ਾਮਲ ਕੀਤੇ ਜਾਣ ਦਾ ਇਹ ਬਹੁਤ ਹੀ ਅਜੀਬ ਫੈਸਲਾ ਹੈ। ਉਨ੍ਹਾਂ ਹਾਊਸ ਆਫ ਕਾਮਨਜ਼ ਵਿਚ ਪਾਰਟੀ ਵ੍ਹਿਪ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਯਹੂਦੀ ਸੰਸਦ ਮੈਂਬਰਾਂ ਦੇ ਨਾਲ ਨਾ ਸਿਰਫ ਦੁਰਵਿਵਹਾਰ ਕੀਤਾ ਗਿਆ ਸੀ ਬਲਕਿ ਸੰਸਦ ਮੈਂਬਰ ਬੀਬੀਆਂ ਨੂੰ ਟਰੋਲ ਕੀਤਾ ਗਿਆ।
ਉਨ੍ਹਾਂ ਨੇ ਆਪਣਾ ਅਸਤੀਫਾ ਹਾਊਸ ਆਫ ਲਾਰਡਜ਼ ਵਿਚ ਲੇਬਰ ਪਾਰਟੀ ਦੀ ਨੇਤਾ ਬੈਰੋਨੇਸ ਏਂਜਲਾ ਸਮਿੱਥ ਨੂੰ ਭੇਜ ਦਿੱਤਾ ਹੈ। ਦੱਸ ਦਈਏ ਕਿ ਲੇਬਰ ਪਾਰਟੀ 'ਤੇ ਨਸਲਵਾਦ ਦਾ ਦੋਸ਼ ਲੱਗਦੇ ਰਹੇ ਹਨ।