ਅਮਰੀਕਾ, ਕੈਨੇਡਾ ਤੋਂ ਬਾਅਦ ਹੁਣ ਯੂ.ਏ.ਈ. ਪੁੱਜਾ ਜਾਨਲੇਵਾ ਕੋਰੋਨਾਵਾਇਰਸ
Wednesday, Jan 29, 2020 - 11:27 AM (IST)

ਆਬੂ ਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਦਾ ਪਰਿਵਾਰ ਵੁਹਾਨ ਤੋਂ ਹੈ। ਇਸ ਨੂੰ ਪੱਛਮੀ ਏਸ਼ੀਆ ਦਾ ਕੋਰੋਨਾਵਾਇਰਸ ਦਾ ਪਹਿਲਾ ਪੁਸ਼ਟੀ ਵਾਲਾ ਮਾਮਲਾ ਮੰਨਿਆ ਜਾ ਰਿਹਾ ਹੈ। ਸਰਕਾਰੀ ਸਮਾਚਾਰ ਏਜੰਸੀ ਡਬਲਊ.ਏ.ਐੱਮ. ਨੇ ਕਿਹਾ,''ਯੂ.ਏ.ਈ. ਦੇ ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਕੋਰੋਨਾਵਾਇਰਸ ਦੇ ਮਾਮਲੇ ਦਾ ਐਲਾਨ ਕੀਤਾ। ਪੀੜਤ ਦਾ ਪਰਿਵਾਰ ਚੀਨ ਦੇ ਵੁਹਾਨ ਸ਼ਹਿਰ ਦਾ ਰਹਿਣ ਵਾਲਾ ਹੈ।'' ਭਾਵੇਂਕਿ ਏਜੰਸੀ ਨੇ ਇਨਫੈਕਟਿਡ ਲੋਕਾਂ ਦੀ ਗਿਣਤੀ ਨਹੀਂ ਦੱਸੀ।
ਡਬਲਊ.ਏ.ਐੱਮ. ਦੀ ਖਬਰ ਦੇ ਮੁਤਾਬਕ ਦੱਸਿਆ ਗਿਆ,''ਇਨਫੈਕਟਿਡ ਲੋਕਾਂ ਦੀ ਹਾਲਤ ਸਥਿਰ ਹੈ ਅਤੇ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ, ਅਮਰੀਕਾ, ਦੱਖਣੀ ਕੋਰੀਆ, ਜਾਪਾਨ ਅਤੇ ਭਾਰਤ ਆਦਿ ਦੇਸ਼ਾਂ ਵਿਚ ਵੀ ਇਸ ਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ।ਤਾਜ਼ਾ ਜਾਣਕਾਰੀ ਮੁਤਾਬਕ ਇਸ ਕੋਰੋਨਾਵਾਇਰਸਨ ਨਾਲ ਚੀਨ ਵਿਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 6000 ਲੋਕਾਂ ਦੇ ਇਸ ਨਾਲ ਇਨਫੈਕਟਿਡ ਹੋਣ ਦੇ ਮਾਮਲੇ ਸਾਹਮਣੇ ਆਏ ਹਨ।