ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ 'ਤੇ ਸੈਂਸਰਸ਼ਿਪ ਖ਼ਤਮ ਕਰੇਗਾ UAE
Monday, Dec 20, 2021 - 11:50 AM (IST)
ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਹੁਣ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ 'ਤੇ ਸੈਂਸਰਸ਼ਿਪ ਨਹੀਂ ਲਗਾਏਗਾ। ਯੂ.ਏ.ਈ. 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਫ਼ਿਲਮਾਂ ਦੀ ਰੇਟਿੰਗ ਤੈਅ ਕਰਨ ਜਾ ਰਿਹਾ ਹੈ। 7 ਅਮੀਰਾਤਾਂ ਤੋਂ ਮਿਲ ਕੇ ਬਣਿਆ ਸੰਯੁਕਤ ਅਰਬ ਅਮੀਰਾਤ ਖਾੜੀ ਦੇਸ਼ਾਂ ਦੇ ਸਭ ਤੋਂ ਉਦਾਰਵਾਦੀ ਨਿਯਮਾਂ ਨੂੰ ਮੰਨਣ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ। ਇਸ ਨੂੰ ਵਿਦੇਸ਼ੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਉਦਾਰਵਾਦੀ ਦੇਸ਼ ਵਜੋਂ ਆਪਣਾ ਅਕਸ ਬਣਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।
ਹੁਣ ਤੱਕ ਯੂ.ਏ.ਈ. ਵਿਚ ਸੈਂਸਰ ਬੋਰਡ ਫਿਲਮਾਂ 'ਚੋਂ ਉਨ੍ਹਾਂ ਦ੍ਰਿਸ਼ਾਂ ਨੂੰ ਹਟਾ ਦਿੰਦਾ ਸੀ, ਜੋ ਨਗਨਤਾ, ਸਮਲਿੰਗੀ, ਜਿਨਸੀ ਸਮੱਗਰੀ ਅਤੇ ਅਣਉਚਿਤ ਸਮਝੀ ਜਾਣ ਵਾਲੀ ਸਮੱਗਰੀ ਨੂੰ ਦਰਸਾਉਂਦੇ ਸਨ। ਅਮੀਰਾਤ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਟਵੀਟ ਕੀਤਾ ਹੈ ਕਿ ਉਹ ਰਵਾਇਤੀ ਇਸਲਾਮੀ ਕਦਰਾਂ-ਕੀਮਤਾਂ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਵਾਲੇ ਸੰਵੇਦਨਸ਼ੀਲ ਦ੍ਰਿਸ਼ਾਂ ਨੂੰ ਹਟਾਉਣ ਦੀ ਬਜਾਏ ਦਰਸ਼ਕਾਂ ਲਈ 21 ਸਾਲ ਦੀ ਉਮਰ ਤੋਂ ਵੱਧ ਦੀ ਨਵੀਂ ਸ਼੍ਰੇਣੀ ਲੈ ਕੇ ਆਏਗਾ।
ਅਥਾਰਟੀ ਨੇ ਕਿਹਾ, 'ਫਿਲਮਾਂ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਸੰਸਕਰਣ ਅਨੁਸਾਰ ਸਿਨੇਮਾਘਰਾਂ ਵਿਚ ਦਿਖਾਇਆ ਜਾਵੇਗਾ।' ਸਰਕਾਰ ਨੇ ਆਪਣੇ ਇਸਲਾਮੀ ਕਾਨੂੰਨ ਕੋਡ ਵਿਚ ਵੀ ਸੁਧਾਰ ਕੀਤਾ ਹੈ ਅਤੇ ਅਗਲੇ ਸਾਲ ਤੋਂ ਉਹ ਪੱਛਮੀ ਕਾਰੋਬਾਰਾਂ ਅਤੇ ਬਾਜ਼ਾਰਾਂ ਦੇ ਅਨੁਕੂਲ ਆਪਣੇ ਵੀਕੈਂਡ ਨੂੰ ਬਦਲ ਕੇ ਸ਼ਨੀਵਾਰ-ਐਤਵਾਰ ਕਰੇਗਾ।