ਕੋਰੋਨਾ ਆਫ਼ਤ : ਅਮੀਰਾਤ ਨੇ ਯੂਕੇ ਤੋਂ ਆਸਟ੍ਰੇਲੀਆ ਲਈ ਸਾਰੀਆਂ ਉਡਾਣਾਂ ਕੀਤੀਆਂ ਰੱਦ

Friday, Jan 29, 2021 - 06:04 PM (IST)

ਸਿਡਨੀ/ਦੁਬਈ (ਬਿਊਰੋ): ਬ੍ਰਿਟੇਨ ਸਰਕਾਰ ਵੱਲੋਂ ਸੰਯੁਕਤ ਅਰਬ ਅਮੀਰਾਤ ਦੇ ਨਾਲ ਹਵਾਈ ਯਾਤਰਾ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਅਮੀਰਾਤ ਨੇ ਪੁਸ਼ਟੀ ਕੀਤੀ ਹੈ ਕਿ ਉਹ ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਦਰਮਿਆਨ ਆਪਣੀਆਂ ਸਾਰੀਆਂ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਰਹੀ ਹੈ।

ਇਹ ਖ਼ਬਰਾਂ ਇਸ ਵੇਲੇ ਯੂਕੇ ਵਿਚ ਫਸੇ ਲਗਭਗ 4500 ਆਸਟ੍ਰੇਲੀਆਈ ਲੋਕਾਂ ਲਈ ਇੱਕ ਤਾਜ਼ਾ ਝਟਕਾ ਹੈ, ਜੋ ਵਾਪਸ ਘਰ ਆਉਣਾ ਚਾਹੁੰਦੇ ਹਨ ਪਰ ਹੁਣ ਉਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।ਬ੍ਰਿਟੇਨ ਸਰਕਾਰ ਨੇ ਅੱਜ ਸਵੇਰੇ ਸੰਯੁਕਤ ਅਰਬ ਅਮੀਰਾਤ ਤੋਂ ਸਿੱਧੀਆਂ ਯਾਤਰੀ ਉਡਾਣਾਂ 'ਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ, ਜੋ ਲਾਗੂ ਹੋਣ ਦੇ ਕੁਝ ਘੰਟੇ ਪਹਿਲਾਂ ਹੀ ਹੈ। ਅੱਧੀ ਰਾਤ ਤੋਂ AEDT, ਸੰਯੁਕਤ ਅਰਬ ਅਮੀਰਾਤ (ਦੁਬਈ ਅਤੇ ਅਬੂ ਧਾਬੀ), ਰਵਾਂਡਾ ਅਤੇ ਬੁਰੂੰਡੀ ਨੂੰ ਯੂਕੇ ਦੀ ਕੋਰੋਨਾ ਵਾਇਰਸ ਹੌਟਸਪੌਟਸ ਦੀ ਵੱਧਦੀ ਲਾਲ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।

 

ਬ੍ਰਿਟਿਸ਼ ਜਾਂ ਆਇਰਿਸ਼ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਨੂੰ ਛੱਡ ਕੇ ਲਾਲ ਸੂਚੀ ਵਾਲੇ ਦੇਸ਼ਾਂ ਦੇ ਕਿਸੇ ਵੀ ਯਾਤਰੀ ਨੂੰ ਯੂਨਾਈਟਿਡ ਕਿੰਗਡਮ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਜਿਹੜੇ ਵਸਨੀਕ ਵਾਪਸ ਆਉਂਦੇ ਹਨ. ਉਹਨਾਂ ਨੂੰ ਘਰ ਵਿਚ 10 ਦਿਨਾਂ ਦੀ ਸਵੈ-ਇਕੱਲਤਾ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। ਇਸ ਤੋਂ ਇਲਾਵਾ, ਦੁਬਈ ਅਤੇ ਅਬੂ ਧਾਬੀ ਲਈ ਸਾਰੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਅਮੀਰਾਤ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਦੁਬਈ ਅਤੇ ਉਨ੍ਹਾਂ ਦੀਆਂ ਸਾਰੀਆਂ ਯੂਕੇ ਪੁਆਇੰਟ - ਬਰਮਿੰਘਮ, ਗਲਾਸਗੋ, ਲੰਡਨ ਅਤੇ ਮੈਨਚੇਸਟਰ  ਵਿਚਕਾਰ ਚੱਲਣ ਵਾਲੀਆਂ ਸਾਰੀਆਂ ਯਾਤਰੀ ਸੇਵਾਵਾਂ ਨੂੰ ਅੱਜ ਮੁਅੱਤਲ ਕਰ ਦੇਵੇਗਾ।

ਬਿਆਨ ਵਿਚ ਲਿਖਿਆ ਹੈ ਕਿ ਸਾਨੂੰ ਹੋਣ ਵਾਲੀ ਪ੍ਰੇਸ਼ਾਨੀ ਦਾ ਅਫ਼ਸੋਸ ਹੈ ਅਤੇ ਪ੍ਰਭਾਵਿਤ ਗ੍ਰਾਹਕਾਂ ਨੂੰ ਆਪਣੇ ਬੁਕਿੰਗ ਏਜੰਟ ਜਾਂ ਅਮੀਰਾਤ ਦੇ ਕਾਲ ਸੈਂਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਏਅਰ ਲਾਈਨ ਨੇ 9 ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਦੀਆਂ ਮੰਜ਼ਿਲਾਂ ਅਤੇ ਯੂਕੇ ਦਰਮਿਆਨ ਸਾਰੀਆਂ ਸੇਵਾਵਾਂ ਨੂੰ ਵੀ ਅਗਲੇ ਨੋਟਿਸ ਤਕ ਮੁਅੱਤਲ ਕਰ ਦਿੱਤਾ ਜਾਵੇਗਾ। ਅਮੀਰਾਤ ਦੇ ਬੁਲਾਰੇ ਅਨੁਸਾਰ ਅਮੀਰਾਤ ਆਪਣੇ ਨੈੱਟਵਰਕ ਵਿਚ ਆਸਟ੍ਰੇਲੀਆ ਅਤੇ ਦੁਬਈ ਅਤੇ ਹੋਰ ਮੰਜ਼ਿਲਾਂ ਦਰਮਿਆਨ ਉਡਾਣਾਂ ਜਾਰੀ ਰੱਖੇਗਾ।ਇਹ ਪਾਬੰਦੀ ਯੂਕੇ ਦੁਆਰਾ ਇੱਕ ਬਹੁਤ ਹੀ ਛੂਤਕਾਰੀ ਨਵੇਂ ਦੱਖਣੀ ਅਫਰੀਕਾ ਦੇ ਵੈਰੀਐਂਟ ਨੂੰ ਰੋਕਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਸ ਸਮੇਂ ਲਗਭਗ 40,000 ਆਸਟ੍ਰੇਲੀਆਈ ਵਿਦੇਸ਼ਾਂ ਵਿਚ ਫਸੇ ਹੋਏ ਹਨ ਅਤੇ ਵਾਪਸ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਵਿਚੋਂ ਲਗਭਗ 4500 ਯੂਕੇ ਵਿਚ ਹਨ।

ਪੜ੍ਹੋ ਇਹ ਅਹਿਮ ਖਬਰ- ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕਰਨ ਦਾ ਮੋਸ਼ਨ ਹੋਇਆ ਰੱਦ

ਯੂਕੇ ਪਹਿਲਾਂ ਹੀ ਆਪਣੀ ਬਹੁਤ ਹੀ ਛੂਤਕਾਰੀ ਕੋਵਿਡ-19 ਪਰਿਵਰਤਨਸ਼ੀਲ ਵੈਰੀਐਂਟ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਨੇ ਇੱਥੇ ਮੌਤਾਂ ਦੀ ਗਿਣਤੀ 100,000 ਤੋਂ ਵੱਧ ਕਰ ਦਿੱਤੀ ਹੈ ਜੋ ਯੂਰਪ ਵਿਚ ਸਭ ਤੋਂ ਉੱਚੀ ਹੈ। ਯੂਕੇ ਦੀ ਸਰਕਾਰੀ ਵੈਬਸਾਈਟ ਦੇ ਅਨੁਸਾਰ, ਤਿੰਨ ਨਵੇਂ ਰਾਸ਼ਟਰਾਂ ਨੂੰ ਯੂਕੇ ਦੀ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਨਵੇਂ ਦੱਖਣੀ ਅਫਰੀਕੀ ਵੈਰੀਐਂਟ ਦਾ ਪ੍ਰਸਾਰ ਇੱਥੋਂ ਹੀ ਹੋਇਆ ਹੈ। ਆਸਟ੍ਰੇਲੀਆਈ ਸਫ਼ਾਰਤਖਾਨੇ ਨੇ ਲੰਡਨ ਤੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਗੱਲ ਐਮੀਰਾਤਸ ਅਤੇ ਐਤੀਹਾਦ ਦੇ ਅਧਿਕਾਰੀਆਂ ਨਾਲ ਚੱਲ ਰਹੀ ਹੈ।

ਨੋਟ- ਅਮੀਰਾਤ ਨੇ ਯੂਕੇ ਤੋਂ ਆਸਟ੍ਰੇਲੀਆ ਲਈ ਸਾਰੀਆਂ ਉਡਾਣਾਂ ਕੀਤੀਆਂ ਰੱਦ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Vandana

Content Editor

Related News