UNHRC : ਭਾਰਤ ਨੇ ਦਿੱਤੀ ਨਸੀਹਤ, ਆਪਣੇ ਵੱਲ ਧਿਆਨ ਦੇਵੇ ਪਾਕਿਸਤਾਨ

09/14/2019 1:33:15 PM

ਜੈਨੇਵਾ— ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ. ਐੱਨ. ਐੱਚ. ਆਰ. ਸੀ.) ਦੇ 42ਵੇਂ ਸੈਸ਼ਨ ਨੂੰ ਕਸ਼ਮੀਰ ਦੇ ਮੁੱਦੇ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਭਾਰਤੀ ਡਿਪਲੋਮੈਟਾਂ ਦੇ ਤਰਕਾਂ ਕਾਰਨ ਚੁੱਪ ਹੋ ਗਿਆ। ਵਿਦੇਸ਼ ਮੰਤਰਾਲੇ ਦੇ ਪੂਰਬੀ ਮਾਮਲਿਆਂ ਦੀ ਸਕੱਤਰ ਵਿਜੈ ਠਾਕੁਰ ਸਿੰਘ ਦੇ ਬਾਅਦ ਹੁਣ ਯੂ. ਐੱਨ. ਐੱਚ. ਆਰ. ਸੀ. 'ਚ ਭਾਰਤ ਦੀ ਸੈਕੰਡ ਸਕੱਤਰ ਕੁਮਮ ਮਿਨੀ ਦੇਵੀ ਨੇ ਪਾਕਿ ਨੂੰ ਉਸ ਦੇ ਘਰ 'ਚ ਸਾਲਾਂ ਤੋਂ ਚੱਲ ਰਿਹਾ ਦਮਨਚੱਕਰ ਯਾਦ ਕਰਵਾਇਆ। ਦੱਸ ਦਈਏ ਕਿ ਯੂ. ਐੱਨ. ਐੱਚ. ਆਰ. ਸੀ. 'ਚ ਭਾਰਤ 'ਤੇ ਮਨੁੱਖੀ ਅਧਿਕਾਰ ਦੇ ਗੰਭੀਰ ਦੋਸ਼ ਲਗਾਏ ਹਨ।

ਪਾਕਿਸਤਾਨ ਦੇ ਬਿਆਨ 'ਤੇ ਭਾਰਤ ਦੇ ਜਵਾਬ 'ਚ ਕੁਮਮ ਦੇਵੀ ਨੇ ਕਿਹਾ,''ਇਸ 'ਚ ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਗਲਤ ਤੱਥਾਂ ਦੇ ਨਾਲ ਗਲਤ ਬਿਆਨਬਾਜ਼ੀ ਕਰ ਰਿਹਾ ਹੈ। ਅਸੀਂ ਪਾਕਿਸਤਾਨ ਨੂੰ ਸਲਾਹ ਦੇਵਾਂਗੇ ਕਿ ਉਹ ਆਪਣੇ ਦੇਸ਼ 'ਚ ਲੋਕਾਂ ਦੇ ਛੱਡ ਕੇ ਜਾਣ ਅਤੇ ਐਕਸਟ੍ਰਾ ਜੂਡੀਸ਼ੀਅਲ ਕਿਲਿੰਗ ਦੇ ਮਾਮਲੇ ਨੂੰ ਦੇਖੇ, ਜਿਸ ਦੀ ਗਿਣਤੀ ਲੱਖਾਂ 'ਚ ਹੈ, ਖਾਸ ਤੌਰ 'ਤੇ ਪਾਕਿ ਮਕਬੂਜਾ ਕਸ਼ਮੀਰ , ਖੈਬਰ ਪਖਤੂਨਵਾ, ਬਲੋਚਿਸਤਾਨ ਤੇ ਸਿੰਧ 'ਚ। ''

ਧਾਰਾ 370 ਸਾਡਾ ਅੰਦਰੂਨੀ ਮਾਮਲਾ—
ਉਨ੍ਹਾਂ ਨੇ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ,'' ਅਸੀਂ ਪਾਕਿਸਤਾਨ ਨੂੰ ਨਸੀਹਤ ਦੇਣਾ ਚਾਹਾਂਗੇ ਕਿ ਉਹ ਇਸ ਸੱਚਾਈ ਨੂੰ ਸਮਝ ਲਵੇ ਕਿ ਧਾਰਾ 370 ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਦੇ ਝੂਠੇ ਤੇ ਮਨਘੜਤ ਬਿਆਨ ਨਾਲ ਤੱਥ ਨਹੀਂ ਬਦਲਣਗੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਭਾਰਤ ਦੇ ਨਾਗਰਿਕ ਹੁੰਦੇ ਹੋਏ ਭਾਰਤੀ ਲੋਕਤੰਤਰ 'ਚ ਆਪਣਾ ਭਰੋਸਾ ਪ੍ਰਗਟਾਇਆ ਹੈ ਅਤੇ ਬੇਹੱਦ ਕਿਰਿਆਸ਼ੀਲ ਰੂਪ ਨਾਲ ਨਿਰਪੱਖ ਚੋਣਾਂ 'ਚ ਹਿੱਸਾ ਲਿਆ ਹੈ।''


ਸੁਰੱਖਿਆ ਪ੍ਰੀਸ਼ਦ ਦੇ ਬਾਅਦ UNHRC 'ਚ ਬੇਇੱਜ਼ਤੀ—
ਪਾਕਿਸਤਾਨ ਨੇ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਧਾਰਾ 370 ਨੂੰ ਮੁੱਦਾ ਬਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਚੀਨ ਤੋਂ ਇਲਾਵਾ ਕਿਸੇ ਦਾ ਸਾਥ ਨਾ ਮਿਲਿਆ। ਸਾਰੇ ਦੇਸ਼ਾਂ ਨੇ ਇਕ ਸੁਰ 'ਚ ਭਾਰਤ ਦੇ ਇਸ ਕਦਮ ਦੀ ਸਿਫਤ ਕੀਤੀ ਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ। ਹੁਣ ਯੂ. ਐੱਨ. ਐੱਚ. ਆਰ. ਸੀ. 'ਚ ਵੀ ਉਸ ਨੂੰ ਮੂੰਹ ਦੀ ਖਾਣੀ ਪਈ।

ਇਮਰਾਨ ਖਾਨ ਨੇ ਵੀਰਵਾਰ ਨੂੰ ਇਕ ਟਵੀਟ ਕਰਕੇ ਕਿਹਾ ਸੀ ਕਿ ਯੂ. ਐੱਨ. ਐੱਚ. ਆਰ. ਸੀ. ਦੇ 58 ਦੇਸ਼ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਕਸ਼ਮੀਰ 'ਚ ਤਾਕਤ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ। ਇਸ ਟਵੀਟ 'ਤੇ ਇਮਰਾਨ ਬੁਰੀ ਤਰ੍ਹਾਂ ਟਰੋਲ ਹੋਏ। ਅਸਲ 'ਚ ਯੂ. ਐੱਨ. ਐੱਚ. ਆਰ. ਸੀ. 'ਚ ਸਿਰਫ 47 ਦੇਸ਼ ਹਨ ਅਤੇ ਪਾਕਿਸਤਾਨ ਪੀ. ਐੱਮ. ਨੇ 58 ਦੇਸ਼ਾਂ ਵਲੋਂ ਸਾਥ ਦੇਣ ਦਾ ਦਾਅਵਾ ਪੇਸ਼ ਕਰ ਦਿੱਤਾ ਜੋ ਕਿ ਸਪੱਸ਼ਟ ਕਰਦਾ ਹੈ ਕਿ ਪਾਕਿ ਕੁੱਝ ਦੇਖਣਾ-ਸੁਣਨਾ ਜਾਂ ਸਮਝਣਾ ਨਹੀਂ ਚਾਹੁੰਦਾ।


Related News