ਪਹਿਲੀ ਵਾਰ ਦੁਨੀਆ ਸਾਹਮਣੇ ਆਏ ਇਹ ਅਣਦੇਖੇ ਲੋਕ...! (ਵੀਡੀਓ)
Sunday, Jan 18, 2026 - 11:40 AM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਸੰਘਣੇ ਅਤੇ ਦੁਰਗਮ ਅਮੇਜ਼ਨ ਦੇ ਜੰਗਲਾਂ ਵਿੱਚੋਂ ਇੱਕ ਅਜਿਹੀ ਜਨਜਾਤੀ (Tribe) ਦੀ ਝਲਕ ਸਾਹਮਣੇ ਆਈ ਹੈ, ਜਿਸ ਦਾ ਅੱਜ ਤੱਕ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ। ਅਮਰੀਕੀ ਸੰਰਖਣਵਾਦੀ ਅਤੇ ਲੇਖਕ ਪੌਲ ਰੋਸੋਲੀ ਨੇ ਇੱਕ ਪੌਡਕਾਸਟ ਦੌਰਾਨ ਇਸ ਰਹਿਸਮਈ ਜਨਜਾਤੀ ਦੀ ਅਣਦੇਖੀ ਫੁਟੇਜ ਸਾਂਝੀ ਕੀਤੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਇਹ ਲੋਕ ਦੁਨੀਆ ਦੇ ਸਾਹਮਣੇ ਆਏ ਹਨ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਨਜਾਤੀ ਦੇ ਲੋਕ ਇੱਕ ਦੂਰ-ਦੁਰਾਡੇ ਦੇ ਤੱਟ 'ਤੇ ਪਹੁੰਚਦੇ ਹਨ ਅਤੇ ਬਹੁਤ ਸਾਵਧਾਨੀ ਨਾਲ ਅੱਗੇ ਵਧਦੇ ਹਨ। ਪੌਲ ਰੋਸੋਲੀ ਅਨੁਸਾਰ, ਸ਼ੁਰੂ ਵਿੱਚ ਇਹ ਲੋਕ ਹਿੰਸਕ ਦਿਖਾਈ ਦੇ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਧਨੁਸ਼ ਅਤੇ ਤੀਰ ਤਾਣੇ ਹੋਏ ਸਨ। ਪਰ ਜਿਵੇਂ ਹੀ ਦੂਰੀ ਘਟੀ, ਉਨ੍ਹਾਂ ਨੇ ਆਪਣੇ ਹਥਿਆਰ ਨੀਵੇਂ ਕਰ ਲਏ ਅਤੇ ਤਣਾਅ ਉਤਸੁਕਤਾ ਵਿੱਚ ਬਦਲ ਗਿਆ। ਰੋਸੋਲੀ ਨੇ ਦੱਸਿਆ ਕਿ ਇਹ ਲੋਕ ਬਾਅਦ ਵਿੱਚ ਮੁਸਕਰਾਉਣ ਲੱਗੇ ਅਤੇ ਉਨ੍ਹਾਂ ਨੂੰ ਭੋਜਨ ਨਾਲ ਭਰੀ ਇੱਕ ਕਿਸ਼ਤੀ ਦਿੱਤੀ ਗਈ।
ਦੁਨੀਆ ਭਰ ਵਿੱਚ 200 ਅਜਿਹੇ ਸਮੂਹ
ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਅੱਜ ਵੀ ਦੁਨੀਆ ਭਰ ਵਿੱਚ 200 ਤੋਂ ਵੱਧ ਅਜਿਹੇ ਸਮੂਹ ਮੌਜੂਦ ਹਨ ਜੋ ਆਧੁਨਿਕ ਦੁਨੀਆ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਾਜ਼ੀਲ ਅਤੇ ਪੇਰੂ ਦੇ ਅਮੇਜ਼ਨ ਵਰਖਾ ਜੰਗਲਾਂ ਵਿੱਚ ਰਹਿੰਦੇ ਹਨ। ਹੁਣ ਤੱਕ ਅੰਡੇਮਾਨ ਦੇ ਸੈਂਟੀਨਲੀਜ਼ ਟ੍ਰਾਈਬ ਨੂੰ ਸਭ ਤੋਂ ਰਹਿਸਮਈ ਮੰਨਿਆ ਜਾਂਦਾ ਸੀ, ਪਰ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਧੁੰਦਲੀਆਂ ਹੁੰਦੀਆਂ ਸਨ, ਜਦਕਿ ਇਹ ਨਵੀਂ ਫੁਟੇਜ ਬਹੁਤ ਸਾਫ਼ ਹੈ।
NEW: Never-before-seen footage of an uncontacted Amazonian tribe has been released by author Paul Rosolie on Lex Fridman's show.
— Collin Rugg (@CollinRugg) January 16, 2026
The tribe was seen lowering their weapons before they were given a canoe of food.
Rosolie is a conservationist who has reportedly spent two decades… pic.twitter.com/a0WF9O2Pof
ਸੂਤਰਾਂ ਅਨੁਸਾਰ, ਅਜਿਹੀਆਂ ਜਨਜਾਤੀਆਂ ਨਾਲ ਸਿੱਧਾ ਸੰਪਰਕ ਕਰਨਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਸਾਲ 2018 ਵਿੱਚ ਅੰਡੇਮਾਨ ਵਿੱਚ ਇੱਕ ਅਮਰੀਕੀ ਮਿਸ਼ਨਰੀ ਜੌਨ ਐਲਨ ਚਾਉ ਦੀ ਸੈਂਟੀਨਲੀਜ਼ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਬਾਹਰੀ ਦੁਨੀਆ ਨਾਲ ਸੰਪਰਕ ਇਨ੍ਹਾਂ ਲੋਕਾਂ ਲਈ ਘਾਤਕ ਬਿਮਾਰੀਆਂ ਲਿਆ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਆਧੁਨਿਕ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਨਹੀਂ ਹੁੰਦੀ।
