ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਦੀ ਭੂਮਿਕਾ ਅਹਿਮ : UN

09/21/2019 2:05:06 PM

ਨਿਊਯਾਰਕ— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੀਆਂ ਕੌਮਾਂਤਰੀ ਕੋਸ਼ਿਸ਼ਾਂ 'ਚ ਭਾਰਤ ਦੀ ਭੂਮਿਕਾ ਅਹਿਮ ਹੈ ਅਤੇ ਇਸ ਦੇਸ਼ ਨੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਲਈ ਬਹੁਤ ਕੋਸ਼ਿਸ਼ ਕੀਤੀ ਹੈ। ਗੁਤਾਰੇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਮੌਕਿਆਂ 'ਤੇ ਮਿਲ ਚੁੱਕੇ ਹਨ। ਉਨ੍ਹਾਂ ਨੇ 'ਕੌਮਾਂਤਰੀ ਸੌਰ ਗਠਜੋੜ' 'ਚ ਮੋਦੀ ਦੀ ਅਗਵਾਈ ਦੀ ਸਿਫਤ ਕੀਤੀ ਤੇ ਭਾਰਤ ਵਲੋਂ ਸੰਯੁਕਤ ਰਾਸ਼ਟਰ ਨੂੰ ਦਿੱਤੇ ਗਏ 193 ਸੌਰ ਪੈਨਲ ਨੂੰ 'ਬੇਹੱਦ ਉਪਯੋਗੀ' ਕਰਾਰ ਦਿੱਤਾ। ਗੁਤਾਰੇਸ ਨੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਭਾਰਤ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਬੰਧ 'ਚ ਦੱਸਿਆ ਕਿ ਸੌਰ ਊਰਜਾ 'ਚ ਭਾਰਤ ਨੇ ਵੱਡਾ ਨਿਵੇਸ਼ ਕੀਤਾ ਹੈ। ਭਾਰਤ ਕੋਲ ਹੁਣ ਵੀ ਚੰਗੀ ਮਾਤਰਾ 'ਚ ਕੋਲਾ ਹੈ ਅਤੇ ਅਸੀਂ ਉਸ 'ਤੇ ਵੀ ਚਰਚਾ ਕੀਤੀ। ਮੋਦੀ ਨੇ ਹੋਰ ਨਵੇਂ ਕਦਮ ਵੀ ਚੁੱਕੇ ਜਿਵੇਂ ਕਿ ਸਵੱਛ ਭਾਰਤ ਅਭਿਆਨ, ਜਿਸ ਕਾਰਨ ਲੋਕਾਂ 'ਚ ਸਫਾਈ ਨੂੰ ਲੈ ਕੇ ਜਾਗਰੂਕਤਾ ਆਈ । ਸਾਨੂੰ ਉਮੀਦ ਹੈ ਕਿ ਭਾਰਤ ਹੋਰ ਵੀ ਕਦਮ ਚੁੱਕੇਗਾ। ਇਸ ਦਾ ਜਲਵਾਯੂ ਪਰਿਵਰਤਨ ਦੇ ਸਬੰਧ 'ਚ ਭਾਰਤ ਦੇ ਪ੍ਰਗਤੀਸ਼ੀਲ ਪ੍ਰਦਰਸ਼ਨ 'ਤੇ ਮਜ਼ਬੂਤ ਪ੍ਰਭਾਵ ਪਵੇਗਾ। ਗੁਤਾਰੇਸ 23 ਸਤੰਬਰ ਨੂੰ ਹੋਣ ਵਾਲੇ ਉੱਚ ਪੱਧਰੀ ਜਲਵਾਯੂ ਕਾਰਵਾਈ ਸਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਦੀ ਯਾਤਰਾ ਦੌਰਾਨ 50 ਕਿਲੋਵਾਟ ਦੀ ਸਮਰੱਥਾ ਵਾਲੇ 'ਗਾਂਧੀ ਸੌਰ ਪਾਰਕ' ਦਾ ਉਦਘਾਟਨ ਕਰਨਗੇ। ਮਹਾਤਮਾ ਗਾਂਧੀ ਦੀ 150 ਵੀਂ ਜਯੰਤੀ ਦੇ ਸਬੰਧ 'ਚ ਮੋਦੀ 24 ਸਤੰਬਰ ਨੂੰ ਸੰਯੁਕਤ ਰਾਸ਼ਟਰ 'ਚ ਬਣੇ ਸੌਰ ਪਾਰਕ ਨਾਲ 'ਗਾਂਧੀ ਸ਼ਾਂਤੀ ਪਾਰਕ ਦਾ ਵੀ ਉਦਘਾਟਨ ਕਰਨਗੇ। ਇਸ ਮੌਕੇ ਸੰਯੁਕਤ ਰਾਸ਼ਟਰ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕਰੇਗਾ।


Related News