ਸੰਯੁਕਤ ਰਾਸ਼ਟਰ ਮੁਖੀ ਨੇ ਜ਼ਾਹਿਰ ਕੀਤੀ ਇੱਛਾ, ਗੱਲਬਾਤ ਰਾਹੀਂ ਹੱਲ ਹੋਵੇ ਕਸ਼ਮੀਰ ਮੁੱਦਾ

09/11/2019 3:40:06 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਸ, ਜੋ ਕਿ ਭਾਰਤ ਤੇ ਪਾਕਿਸਤਾਨ ਦੀਆਂ ਚੋਟੀ ਦੀਆਂ ਅਗਵਾਈਆਂ ਨਾਲ ਸੰਪਰਕ 'ਚ ਹਨ , ਨੇ ਕਸ਼ਮੀਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਉਨ੍ਹਾਂ ਨੇ ਇਸ ਦੌਰਾਨ ਅਪੀਲ ਕੀਤੀ ਹੈ ਕਿ ਦੋਵੇਂ ਮੁਲਕ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਕਰਨ। ਇਸ ਦੀ ਜਾਣਕਾਰੀ ਗੁਟੇਰੇਸ ਦੇ ਬੁਲਾਰੇ ਵਲੋਂ ਦਿੱਤੀ ਗਈ ਹੈ।

ਸੰਯੁਕਤ ਰਾਸ਼ਟਰ ਚੀਫ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਮੰਗਲਵਾਰ ਰੋਜ਼ਾਨਾ ਨਿਊਜ਼ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਗੁਟੇਰੇਸ ਨੇ ਪਿਛਲੇ ਮਹੀਨੇ ਫਰਾਂਸ 'ਚ ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਟੇਰੇਸ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਦੀ ਅਪੀਲ 'ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੁਜਾਰਿਕ ਨੇ ਕਿਹਾ ਕਿ ਗੁਟੇਰੇਸ ਦਾ ਸਾਰਿਆਂ ਲਈ ਸੰਦੇਸ਼ ਸਮਾਨ ਹੈ, ਨਿੱਜੀ ਤੇ ਜਨਤਕ ਤੌਰ 'ਤੇ ਉਹ ਕਸ਼ਮੀਰ ਮੁੱਦੇ ਨੂੰ ਲੈ ਕੇ ਬਹੁਤ ਚਿੰਤਤ ਹਨ ਤੇ ਉਨ੍ਹਾਂ ਨੇ ਦੋਵਾਂ ਦੇਸ਼ਾਂ, ਭਾਰਤ ਤੇ ਪਾਕਿਸਤਾਨ, ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਕੱਢਣ। ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਗੱਲਬਾਤ ਰਾਹੀਂ ਮਾਮਲਾ ਹੱਲ ਕਰਨਾ ਚਾਹੁਣ ਤਾਂ ਉਹ ਸੰਯੁਕਤ ਰਾਸ਼ਟਰ ਦਾ ਦਫਤਰ ਉਨ੍ਹਾਂ ਲਈ ਖੁੱਲਾ ਹੈ।

5 ਅਗਸਤ ਨੂੰ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਹੁਤ ਵਧ ਗਿਆ। ਪਾਕਿਸਤਾਨ ਨੇ ਭਾਰਤ ਨਾਲ ਡਿਪਲੋਮੈਟਿਕ ਸਬੰਧ ਘਟਾ ਦਿੱਤੇ ਤੇ ਬਹੁਤ ਹੱਦ ਤੱਕ ਵਪਾਰ ਨੂੰ ਵੀ ਰੋਕ ਦਿੱਤਾ। ਜਿਥੇ ਪਾਕਿਸਤਾਨ ਇਸ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ 'ਚ ਲੱਗਿਆ ਹੋਇਆ ਹੈ ਉਥੇ ਭਾਰਤ ਨੇ ਦੁਨੀਆ ਨੂੰ ਸਾਫ ਕਰ ਦਿੱਤਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ।


Baljit Singh

Content Editor

Related News