ਸੰਯੁਕਤ ਰਾਸ਼ਟਰ ਮੁਖੀ ਸ਼ਾਂਤੀ ਲਈ ਪੁਤਿਨ ਅਤੇ ਜ਼ੇਲੇਂਸਕੀ ਨਾਲ ਕਰਨਗੇ ਮੁਲਾਕਾਤ

04/23/2022 1:31:24 PM

ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਦੇ ਅਗਲੇ ਹਫ਼ਤੇ ਆਮੋ-ਸਾਹਮਣੇ ਬੈਠ ਕੇ ਤੁਰੰਤ ਸ਼ਾਂਤੀ ਦੀ ਅਪੀਲ ਕਰਨ ਲਈ ਰੂਸ ਅਤੇ ਯੂਕ੍ਰੇਨ ਦੇ ਰਾਸ਼ਟਰਪਤੀਆਂ ਨਾਲ ਵੱਖ-ਵੱਖ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਵਿਸ਼ਵ ਸੰਸਥਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੁਸ਼ਟੀ ਕੀਤੀ ਕਿ ਗੁਤਾਰੇਸ ਮੰਗਲਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕਰਨਗੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਸੰਯੁਕਤ ਰਾਸ਼ਟਰ ਮੁਖੀ ਦੀ ਮੇਜ਼ਬਾਨੀ ਕਰਨਗੇ। ਬਾਅਦ ਵਿਚ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਗੁਤਾਰੇਸ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਅਤੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨਾਲ ਮੁਲਾਕਾਤ ਕਰਨ ਵੀਰਵਾਰ ਨੂੰ ਯੂਕ੍ਰੇਨ ਜਾਣਗੇ। 

ਸੰਯੁਕਤ ਰਾਸ਼ਟਰ ਦੀ ਮਹਿਲਾ ਬੁਲਾਰਨ ਏਰੀ ਕਾਨੇਕੋ ਨੇ ਕਿਹਾ ਕਿ ਦੋਵਾਂ ਯਾਤਰਾਵਾਂ 'ਤੇ ਗੁਤਾਰੇਸ ਦਾ ਉਦੇਸ਼ ਉਨ੍ਹਾਂ ਕਦਮਾਂ 'ਤੇ ਚਰਚਾ ਕਰਨ ਦਾ ਹੈ ਜੋ ਲੜਾਈ ਨੂੰ ਖ਼ਤਮ ਕਰਨ ਅਤੇ ਲੋਕਾਂ ਦੀ ਮਦਦ ਕਰਨ ਲਈ ਅਜੇ ਚੁੱਕੇ ਜਾ ਸਕਦੇ ਹਨ। ਬੁਲਾਰਨ ਨੇ ਕਿਹਾ, 'ਉਹ ਇਸ ਬਾਰੇ ਗੱਲ ਕਰਨ ਦੀ ਉਮੀਦ ਰੱਖਦੇ ਹਨ ਕਿ ਯੂਕ੍ਰੇਨ ਵਿਚ ਸ਼ਾਂਤੀ ਲਿਆਉਣ ਲਈ ਤੁਰੰਤ ਕੀ ਕੀਤਾ ਜਾ ਸਕਦਾ ਹੈ।' ਗੁਤਾਰੇਸ ਨੇ ਮੰਗਲਵਾਰ ਨੂੰ ਰਾਸ਼ਟਰਪਤੀਆਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਰਾਜਧਾਨੀਆਂ ਵਿਚ ਮੁਲਾਕਾਤ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਜੰਗਬੰਦੀ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਨ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਇੱਕ ਉੱਚ ਅਧਿਕਾਰੀ ਨੂੰ ਮਾਸਕੋ ਅਤੇ ਕੀਵ ਭੇਜਿਆ ਸੀ।
 


cherry

Content Editor

Related News