''ਕੋਰੋਨਾ ਸੰਕਟ ਖਤਮ ਹੋਣ ਤੋਂ ਬਾਅਦ ਵੀ ਪੁਰਾਣੇ ਰੂਪ ''ਚ ਨਹੀਂ ਆ ਸਕੇਗੀ ਦੁਨੀਆ''
Friday, Jun 26, 2020 - 10:44 PM (IST)

ਨਿਊਯਾਰਕ- ਯੂ.ਐੱਨ. ਮੁਖੀ ਐਂਟੋਨੀਓ ਗੁਤਾਰੇਸ ਨੇ ਕੋਰੋਨਾ ਵਾਇਰਸ ਸੰਕਟ 'ਤੇ ਸੰਯੁਕਤ ਰਾਸ਼ਟਰ ਵਲੋਂ ਕੋਰੋਨਾ ਵਾਇਰਸ 'ਤੇ ਕੀਤੀ ਗਈ ਕਾਰਵਾਈ 'ਤੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਨੇ ਭਾਰੀ ਉਥਲ-ਪੁਥਲ ਮਚਾਈ ਹੋਈ ਹੈ। ਇਸਦੇ ਕਾਰਣ ਸਿਹਤ ਦੇ ਨਾਲ-ਨਾਲ ਆਰਥਿਕ ਤੇ ਸਮਾਜਿਕ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਸੰਯੁਕਤ ਰਾਸ਼ਟਰ ਲੋਕਾਂ ਦਾ ਜੀਵਨ ਬਚਾਉਣ, ਵਾਇਰਸ 'ਤੇ ਕਾਬੂ ਕਰਨ ਤੇ ਆਰਥਿਕ ਸੰਕਟ ਦੇ ਮਾਹੌਲ ਨੂੰ ਘੱਟ ਕਰਨ ਜਿਹੇ ਕਈ ਮੋਰਚਿਆਂ 'ਤੇ ਲੱਗਿਆ ਹੋਇਆ ਹੈ। ਇਸ ਰਿਪੋਰਟ ਵਿਚ ਕੋਵਿਡ-19 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਿਲਸਿਲੇਵਾਰ ਬਿਓਰਾ ਦਿੱਤਾ ਗਿਆ ਹੈ। ਰਿਪੋਰਟ ਵਿਚ ਇਸ ਨੂੰ ਲੈ ਕੇ ਰੋਡਮੈਪ ਵੀ ਪੇਸ਼ ਕੀਤਾ ਗਿਆ ਹੈ।
ਯੂ.ਐੱਨ. ਚਾਰਟਰ ਦੇ ਲਾਗੂ ਕੀਤੇ ਜਾਣ ਦੇ ਮੌਕੇ ਸਾਹਮਣੇ ਆਈ ਇਸ ਰਿਪੋਰਟ 'ਤੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਨੂੰ 75 ਸਾਲ ਪੂਰੇ ਹੋ ਗਏ ਹਨ। ਇਹ ਅਜਿਹਾ ਸਮਾਂ ਹੈ ਜਦੋਂ ਦੁਨੀਆ ਇਕ ਮੁਸ਼ਕਿਲ ਦੌਰ ਤੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦਾ ਅੰਕੜਾ ਜਲਦੀ ਹੀ ਇਕ ਕਰੋੜ ਤੋਂ ਪਾਰ ਹੋ ਜਾਵੇਗਾ। ਉਥੇ ਹੀ ਕੁਝ ਦੇਸ਼ਾਂ ਵਿਚ ਨਸਲੀ ਭੇਦਭਾਵ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਦੀ ਚੁਣੌਤੀ ਨਾਲ ਨਿਪਟਣ ਤੋਂ ਬਾਅਦ ਦੁਨੀਆ ਫਿਰ ਪੁਰਾਣੇ ਰਸਤਿਆਂ 'ਤੇ ਪਰਤ ਨਹੀਂ ਸਕੇਗੀ।
ਉਨ੍ਹਾਂ ਕਿਹਾ ਕਿ ਸਾਨੂੰ ਬਿਹਤਰ ਮੁੜ-ਬਹਾਲੀ ਦੀ ਲੋੜ ਹੈ। ਉਨ੍ਹਾਂ ਸਾਵਧਾਨ ਕੀਤਾ ਕਿ ਦੁਨੀਆ ਇਸ ਸਮੇਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਨਾਲ ਨਿਪਟਣ ਲਈ ਉਹ ਫਿਲਹਾਲ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਸੁਰੱਖਿਆ ਪ੍ਰੀਸ਼ਦ ਵਿਚ ਚੁਣੌਤੀਆਂ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਅਸਫਲਤਾ ਹੱਥ ਲੱਗੀ ਕਿਉਂਕਿ ਮਹੱਤਵਪੂਰਨ ਮੁੱਦਿਆਂ 'ਤੇ ਪੰਜ ਸਥਾਈ ਮੈਂਬਰਾਂ ਦੇ ਵਿਚਾਲੇ ਆਮ ਸਹਿਮਤੀ ਨਹੀਂ ਬਣ ਸਕੀ।
ਇਸ ਰਿਪੋਰਟ ਨੂੰ ਪੇਸ਼ ਕਰਦੇ ਹੋਏ ਯੂ.ਐੱਨ. ਜਨਰਲ ਸਕੱਤਰ ਨੇ ਕਿਹਾ ਕਿ ਕੋਵਿਡ-19 ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੁਨੀਆ ਦੇ ਸਾਹਮਣੇ ਲਿਆ ਦਿੱਤਾ ਹੈ ਤੇ ਇਸ ਦੀ ਬਦੌਲਤ ਦੁਨੀਆ ਦਾ ਧਿਆਨ ਉਸ ਪਾਸੇ ਵੱਲ ਗਿਆ ਹੈ ਜਿਸ ਤੋਂ ਉਹ ਹੁਣ ਤੱਕ ਅਨਜਾਣ ਸੀ। ਇਕ ਮੈਡੀਕਲ ਐਮਰਜੈਂਸੀ ਦੇ ਨਾਲ-ਨਾਲ ਦੁਨੀਆ ਦੇ ਸਾਹਮਣੇ ਖੜ੍ਹੇ ਹੋਏ ਜਲਵਾਯੂ ਸੰਕਟ, ਸਾਈਬਰ ਜਗਤ ਵਿਚ ਅਰਾਜਕਤਾ ਤੇ ਪਰਮਾਣੂ ਅਪ੍ਰਸਾਰ ਦੇ ਜੋਖਿਮਾਂ ਦੇ ਪ੍ਰਤੀ ਵੀ ਦੁਨੀਆ ਹੁਣ ਸਾਵਧਾਨ ਹੋਈ ਹੈ। ਅਨੇਕ ਮੋਰਚਿਆਂ 'ਤੇ ਇਸ ਮਹਾਮਾਰੀ ਨਾਲ ਸੰਯੁਕਤ ਰਾਸ਼ਟਰ ਨਿਪਟ ਰਿਹਾ ਹੈ। ਸੰਯੁਕਤ ਰਾਸ਼ਟਰ ਇਸ ਸਬੰਧ ਵਿਚ ਤਿੰਨ ਅਹਿਮ ਬਿੰਦੂਆਂ 'ਤੇ ਕੰਮ ਕਰ ਰਿਹਾ ਹੈ, ਇਸ ਵਿਚ ਮਨੁੱਖੀ ਸਿਹਤ, ਮੁੜ ਬਹਾਲੀ ਤੇ ਸਮਾਜਿਕ-ਆਰਥਿਕ, ਮਨੁੱਖੀ ਰਾਹਤ ਤੇ ਮਨੁੱਖੀ ਅਧਿਕਾਰ ਨਾਲ ਜੁੜੇ ਪਹਿਲੂਆਂ 'ਤੇ ਕਾਰਵਾਈ ਸ਼ਾਮਲ ਹੈ।
ਉਨ੍ਹਾਂ ਨੇ ਰਿਪੋਰਟ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ ਸੰਯੁਕਤ ਰਾਸ਼ਟਰ ਹੁਣ ਤੱਕ 25 ਕਰੋੜ ਤੋਂ ਵਧੇਰੇ ਨਿੱਜੀ ਬਚਾਅ ਦੇ ਉਪਕਰਨ ਤੇ ਹੋਰ ਚੀਜ਼ਾਂ 130 ਤੋਂ ਵਧੇਰੇ ਦੇਸ਼ਾਂ ਵਿਚ ਸਿਹਤ ਕਰਮਚਾਰੀਆਂ ਦੇ ਲਈ ਭੇਜ ਚੁੱਕਿਆ ਹੈ। ਸੰਯੁਕਤ ਰਾਸ਼ਟਰ ਨੇ ਆਪਣਾ ਸਪਲਾਈ ਚੇਨ ਨੈੱਟਵਰਕ ਮੈਂਬਰ ਦੇਸ਼ਾਂ ਦੇ ਲਈ ਮੁਹੱਈਆ ਕਰਵਾਇਆ ਹੈ ਤੇ ਨਾਲ ਹੀ ਪਿਛਲੇ ਕੁਝ ਹਫਤਿਆਂ ਵਿਚ ਭਾਰੀ ਮਾਤਰਾ ਵਿਚ ਸਾਮਾਨ ਭੇਜਣ ਦੇ ਲਈ ਗਲੋਬਲ ਏਅਰ ਹੱਬ ਸਥਾਪਿਕ ਕੀਤੇ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਲੋਕਾਂ ਦੇ ਲਈ ਬਣਨ ਵਾਲੀ ਕੋਰੋਨਾ ਵਾਇਰਸ ਦੀ ਸਸਤੀ ਦਵਾਈ ਦੇ ਲਈ ਹੋ ਰਹੀ ਰਿਸਰਚ ਵਿਚ ਵੀ ਮਦਦ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਸੰਗਠਨ ਨੇ ਕੋਵਿਡ-19 'ਤੇ ਫੈਲ ਰਹੀਆਂ ਫਰਜ਼ੀ ਜਾਣਕਾਰੀਆਂ ਤੇ ਅਫਵਾਹਾਂ ਤੋਂ ਲੋਕਾਂ ਨੂੰ ਬਚਾਉਣ ਲਈ ‘Verified’ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਮਹਾਮਾਰੀ ਸੰਕਟ ਦੇ ਮੱਦੇਨਜ਼ਰ ਗਲੋਬਲ ਜੰਗਬੰਦੀ ਦੀ ਅਪੀਲ ਨੂੰ 180 ਤੋਂ ਵਧੇਰੇ ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਹਾਲਾਂਕਿ ਇਸ ਨੂੰ ਲਾਗੂ ਕਰਨ ਵਿਚ ਸਮੱਸਿਆ ਆਈ ਹੈ, ਪਰ ਇਸ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।