ਯੂਕ੍ਰੇਨ: ਲੋਕਾਂ ਨੇ ਜੰਗ ਨਾਲ ਤਬਾਹ ਹੋਏ ਘਰਾਂ ਦੇ ਮੁਆਵਜ਼ੇ ਲਈ ਅਰਜ਼ੀਆਂ ਕੀਤੀਆਂ ਦਾਇਰ
Wednesday, Apr 03, 2024 - 01:47 PM (IST)
ਹੇਗ (ਭਾਸ਼ਾ) : ਰੂਸ-ਯੂਕ੍ਰੇਨ ਯੁੱਧ ਦੇ ਨਤੀਜੇ ਵਜੋਂ ਤਬਾਹ ਹੋਏ ਘਰਾਂ ਦੇ ਮੁਆਵਜ਼ੇ ਦੀ ਮੰਗ ਕਰਨ ਵਾਲੇ ਯੂਕ੍ਰੇਨੀ ਨਾਗਰਿਕਾਂ ਲਈ ਮੰਗਲਵਾਰ ਨੂੰ ਇੱਕ 'ਰਜਿਸਟਰ' ਦੀ ਸ਼ੁਰੂਆਤ ਕੀਤੀ ਗਈ ਅਤੇ 100 ਤੋਂ ਵੱਧ ਲੋਕਾਂ ਨੇ ਆਨਲਾਈਨ ਅਪਲਾਈ ਕੀਤਾ। ਯੂਕ੍ਰੇਨ ਲਈ ਨਿਆਂ ਬਾਰੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਏ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਨਾ ਸਿਰਫ ਵਧਦੀ ਮੰਗ ਦਾ ਸੰਕੇਤ ਹੈ, ਇਸ ਤੋਂ ਇਹ ਇਹ ਵੀ ਪਤਾ ਲੱਗਦਾ ਹੈ ਕਿ ਲੋਕ ਕਿਵੇਂ ਨਿਆਂ ਦੀ ਉਡੀਕ ਵਿਚ ਬੈਠੇ ਹੋਏ ਹਨ।"
ਇਹ ਵੀ ਪੜ੍ਹੋ: ਗਾਜ਼ਾ ਹਵਾਈ ਹਮਲੇ 'ਚ ਆਸਟ੍ਰੇਲੀਆਈ ਨਾਗਰਿਕ ਦੀ ਮੌਤ, ਵਿਦੇਸ਼ ਮੰਤਰੀ ਨੇ ਕੀਤੀ ਨਿੰਦਾ
ਯੂਕ੍ਰੇਨ ਵਿਰੁੱਧ ਰੂਸ ਦੀ ਜੰਗ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਦਿ ਹੈਗ ਨੇ ਇੱਕ 'ਰਜਿਸਟਰ' ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ RD4U ਵੀ ਕਿਹਾ ਜਾਂਦਾ ਹੈ। ਇਹ ਰਜਿਸਟਰ ਪਿਛਲੇ ਸਾਲ ਕੌਂਸਲ ਆਫ ਯੂਰਪ ਵੱਲੋਂ ਸ਼ੁਰੂ ਕੀਤਾ ਗਿਆ ਸੀ। ਮੰਗਲਵਾਰ ਨੂੰ ਦਾਇਰ 100 ਤੋਂ ਵੱਧ ਮੁਆਵਜ਼ੇ ਦੀਆਂ ਅਰਜ਼ੀਆਂ ਸਿਰਫ਼ ਸ਼ੁਰੂਆਤ ਹਨ। ਯੂਰਪ ਦੀ ਕੌਂਸਲ ਦਾ ਅੰਦਾਜ਼ਾ ਹੈ ਕਿ ਤਿੰਨ ਤੋਂ ਛੇ ਮਿਲੀਅਨ ਦੇ ਵਿਚਕਾਰ ਦਾਅਵੇ ਪ੍ਰਾਪਤ ਹੋਣਗੇ। RD4U ਜਲਦੀ ਹੀ ਹੋਰ ਕਿਸਮ ਦੇ ਮੁਆਵਜ਼ੇ ਦੇ ਦਾਅਵਿਆਂ ਨੂੰ ਵੀ ਮਨਜ਼ੂਰੀ ਦੇਵੇਗਾ, ਜਿਸ ਵਿੱਚ ਯੂਕ੍ਰੇਨ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਦਾਅਵੇ ਵੀ ਸ਼ਾਮਲ ਹਨ। ਇਸ 'ਰਜਿਸਟਰ' ਰਾਹੀਂ ਕਿਸੇ ਵੀ ਦਾਅਵਿਆਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਸਗੋਂ ਇਹ ਇੱਕ ਅੰਤਰਰਾਸ਼ਟਰੀ ਮੁਆਵਜ਼ਾ ਤੰਤਰ ਦੀ ਦਿਸ਼ਾ ਵੱਲ ਚੁੱਕਿਆ ਗਿਆ ਇਕ ਠੋਸ ਕਦਮ ਹੈ, ਜੋ ਅਜੇ ਤੱਕ ਸਥਾਪਿਤ ਨਹੀਂ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।