ਰੂਸ ਦੇ ਹਮਲਿਆਂ ਤੋਂ ਬਚ ਕੇ ਨਿਕਲੇ ਯੂਕ੍ਰੇਨੀ ਨਾਗਰਿਕਾਂ ਨੇ ਸੁਣਾਈ ਦਿਲ ਨੂੰ ਝੰਜੋੜ ਦੇਣ ਵਾਲੀ ਹੱਡਬੀਤੀ

Sunday, May 29, 2022 - 04:14 PM (IST)

ਰੂਸ ਦੇ ਹਮਲਿਆਂ ਤੋਂ ਬਚ ਕੇ ਨਿਕਲੇ ਯੂਕ੍ਰੇਨੀ ਨਾਗਰਿਕਾਂ ਨੇ ਸੁਣਾਈ ਦਿਲ ਨੂੰ ਝੰਜੋੜ ਦੇਣ ਵਾਲੀ ਹੱਡਬੀਤੀ

ਕੀਵ (ਭਾਸ਼ਾ)- ਰੂਸੀ ਫ਼ੌਜਾਂ ਨੇ ਪੂਰਬੀ ਯੂਕ੍ਰੇਨ ਦੇ ਸ਼ਹਿਰ ਸਵੈਰੋਡੋਨੇਤਸਕ ਅਤੇ ਲਿਸੀਖਾਂਸਕ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਇਲਾਕਿਆਂ ਤੋਂ ਭੱਜਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਗੋਲਾਬਾਰੀ ਤੇਜ਼ ਹੋ ਗਈ ਹੈ, ਜਿਸ ਕਾਰਨ ਉਹ ਬੇਸਮੈਂਟ ਵਿੱਚ ਬਣੇ ਬੰਬ ਵਿਰੋਧੀ ਕੇਂਦਰਾਂ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੇ ਸਨ। ਭਾਰੀ ਰੂਸੀ ਗੋਲਾਬਾਰੀ ਦੇ ਬਾਵਜੂਦ, ਕੁਝ ਲੋਕ ਇਨ੍ਹਾਂ ਖੇਤਰਾਂ ਤੋਂ 130 ਕਿਲੋਮੀਟਰ ਦੱਖਣ ਵੱਲ ਪੋਕਰੋਵਸਕ ਵੱਲ ਭੱਜ ਗਏ ਅਤੇ ਸ਼ਨੀਵਾਰ ਨੂੰ ਇੱਕ ਨਿਕਾਸੀ ਰੇਲਗੱਡੀ ਦੀ ਮਦਦ ਨਾਲ ਪੱਛਮੀ ਯੂਕ੍ਰੇਨ ਲਈ ਰਵਾਨਾ ਹੋਏ, ਜੋ ਕਿ ਜੰਗ ਦੇ ਮੈਦਾਨ ਤੋਂ ਬਹੁਤ ਦੂਰ ਹੈ। 

ਲੁਹਾਨਸਕ ਖੇਤਰ ਵਿੱਚ ਯੂਕ੍ਰੇਨੀ ਨਿਯੰਤਰਣ ਅਧੀਨ ਆਖਰੀ ਮਹੱਤਵਪੂਰਨ ਸ਼ਹਿਰਾਂ- ਸਵੈਰੋਡੋਨੇਟਸਕ ਅਤੇ ਲਿਸੀਖਾਂਸਕ ਵਿੱਚ ਲੜਾਈ ਤੇਜ਼ ਹੋ ਗਈ ਹੈ। ਉੱਥੇ ਲੁਹਾਨਸਕ ਅਤੇ ਡੋਨੇਟਸਕ ਖੇਤਰਾਂ ਦਾ ਬਣਿਆ ਡੋਨਬਾਸ, ਰੂਸੀ ਫ਼ੌਜ ਦੀ ਤਾਜ਼ਾ ਕਾਰਵਾਈ ਦੇ ਕੇਂਦਰ ਵਿੱਚ ਹੈ, ਜਿਸ ਨੂੰ ਪੂਰਬੀ ਯੂਕ੍ਰੇਨ ਦਾ ਉਦਯੋਗਿਕ ਕੇਂਦਰ ਮੰਨਿਆ ਜਾਂਦਾ ਹੈ। ਮਾਸਕੋ ਸਮਰਥਿਤ ਵੱਖਵਾਦੀਆਂ ਦਾ ਪਿਛਲੇ ਅੱਠ ਸਾਲਾਂ ਤੋਂ ਡੋਨਬਾਸ ਦੇ ਇੱਕ ਹਿੱਸੇ 'ਤੇ ਕਬਜ਼ਾ ਹੈ ਅਤੇ ਹੁਣ ਰੂਸੀ ਫ਼ੌਜ ਪੂਰੇ ਡੌਨਬਾਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯਾਨਾ ਸਕਾਕੋਵਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਕਿਉਂਕਿ ਉਹ ਬੰਬ ਧਮਾਕੇ ਦੌਰਾਨ ਆਪਣੀ ਗੋਦ ਵਿੱਚ 18 ਮਹੀਨਿਆਂ ਦੇ ਬੱਚੇ ਨੂੰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਈ। ਉਸ ਨੇ ਆਪਣੀ ਹੱਡਬੀਤੀ ਬਾਰੇ ਦੱਸਿਆ ਕਿ ਉਹ ਲਗਾਤਾਰ ਹੋ ਰਹੀ ਬੰਬਾਰੀ ਦੌਰਾਨ ਬੇਸਮੈਂਟ ਵਿੱਚ ਸੀ ਅਤੇ ਆਖਰਕਾਰ ਆਪਣੇ ਪਤੀ ਨੂੰ ਛੱਡ ਕੇ ਆਪਣੇ 18 ਮਹੀਨਿਆਂ ਅਤੇ ਚਾਰ ਸਾਲ ਦੇ ਪੁੱਤਰਾਂ ਨਾਲ ਬਾਹਰ ਆਈ। ਯਾਨਾ ਨੇ ਦੱਸਿਆ ਕਿ ਲੜਾਈ ਦੇ ਸ਼ੁਰੂਆਤੀ ਦਿਨਾਂ ਵਿੱਚ, ਉਹਨਾਂ ਨੂੰ ਬੇਸਮੈਂਟ ਤੋਂ ਨਿਕਲ ਕੇ ਸੜਕ 'ਤੇ ਖਾਣਾ ਬਣਾਉਣ ਅਤੇ ਬੱਚਿਆਂ ਨੂੰ ਬਾਹਰ ਖੇਡਣ ਦਾ ਮੌਕਾ ਮਿਲਦਾ ਸੀ ਪਰ ਪਿਛਲੇ ਹਫ਼ਤੇ ਤੋਂ ਬੰਬਾਰੀ ਤੇਜ਼ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ : 4 ਭਾਰਤੀਆਂ ਸਮੇਤ 22 ਲੋਕਾਂ ਵਾਲੇ ਲਾਪਤਾ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਖਦਸ਼ਾ

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਲੋਕ ਬੇਸਮੈਂਟ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲ ਪਾ ਰਹੇ ਹਨ। ਯਾਨਾ ਨੇ ਦੱਸਿਆ ਕਿ ਉੱਥੇ ਸਥਿਤੀ ਬਹੁਤ ਖਰਾਬ ਹੈ। ਬਾਹਰ ਨਿਕਲਣਾ ਬਹੁਤ ਖ਼ਤਰਨਾਕ ਹੈ। ਉਸ ਨੇ ਅੱਗੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਸ ਉਸ ਨੂੰ ਬੇਸਮੈਂਟ ਤੋਂ ਛੁਡਾਉਣ ਲਈ ਪਹੁੰਚੀ, ਜਿੱਥੇ 9 ਬੱਚਿਆਂ ਸਮੇਤ 18 ਲੋਕ ਪਿਛਲੇ ਢਾਈ ਮਹੀਨਿਆਂ ਤੋਂ ਰਹਿ ਰਹੇ ਸਨ। ਯਾਨਾ ਨੇ ਕਿਹਾ ਕਿ 'ਅਸੀਂ ਉੱਥੇ ਬੈਠੇ ਸੀ, ਜਦੋਂ ਟਰੈਫਿਕ ਪੁਲਸ ਨੇ ਆ ਕੇ ਕਿਹਾ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਇੱਥੋਂ ਚਲੇ ਜਾਓ ਕਿਉਂਕਿ ਹੁਣ ਲਿਸੀਕਾਂਸਕ 'ਚ ਰਹਿਣਾ ਸੁਰੱਖਿਅਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਰੀ ਬੰਬਾਰੀ ਅਤੇ ਬਿਜਲੀ, ਪਾਣੀ ਤੇ ਗੈਸ ਦੀ ਕਮੀ ਦੇ ਬਾਵਜੂਦ, ਕੋਈ ਵੀ ਸ਼ਹਿਰ ਛੱਡਣਾ ਨਹੀਂ ਚਾਹੁੰਦਾ ਸੀ। ਯਾਨਾ ਦੇ ਅਨੁਸਾਰ, ਅਸੀਂ ਉਥੋਂ ਨਹੀਂ ਆਉਣਾ ਚਾਹੁੰਦੇ ਸੀ ਪਰ ਆਪਣੇ ਬੱਚਿਆਂ ਦੀ ਖ਼ਾਤਰ ਸਾਨੂੰ ਨਿਕਲਣਾ ਪਿਆ। 

ਓਕਸਾਨਾ 74 ਸਾਲਾਂ ਦੀ ਹੈ ਅਤੇ ਉਸ ਦੀ ਕਹਾਣੀ ਕੋਈ ਵੱਖਰੀ ਨਹੀਂ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਨੂੰ ਉਸ ਦੇ 86 ਸਾਲਾ ਪਤੀ ਸਮੇਤ ਵਿਦੇਸ਼ੀ ਵਲੰਟੀਅਰਾਂ ਨੇ ਲਾਸੀਖਾਂਸਕ ਤੋਂ ਬਾਹਰ ਕੱਢਿਆ। ਭਵਿੱਖ ਦੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ, ਓਕਸਾਨਾ ਨੇ ਕਿਹਾ ਕਿ ਮੈਂ ਕਿਤੇ ਜਾ ਰਹੀ ਹਾਂ ਪਰ ਕਿੱਥੇ ਮੈਨੂੰ ਨਹੀਂ ਪਤਾ। ਹੁਣ ਮੈਂ ਭਿਖਾਰੀ ਹਾਂ ਜਿਸ ਨੂੰ ਕੋਈ ਖੁਸ਼ੀ ਨਹੀਂ ਹੈ। ਹੁਣ ਮੈਨੂੰ ਮਦਦ ਦੇ ਸਹਾਰੇ ਰਹਿਣਾ ਪਵੇਗਾ। ਇਸ ਤੋਂ ਚੰਗਾ ਹੈ ਕਿ ਮੈਨੂੰ ਮੌਤ ਆ ਜਾਵੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News