ਯੂਕ੍ਰੇਨ ਚਾਹੁੰਦਾ ਹੈ ਕਿ ਰੂਸ ਨੂੰ ਰੋਕਣ ''ਚ ਮਦਦ ਲਈ ਹੋਰ ਫੰਡ ਮੁਹੱਈਆ ਕਰਵਾਉਣ ਪੱਛਮੀ ਦੇਸ਼
Thursday, Aug 11, 2022 - 06:43 PM (IST)
ਕੋਪੇਨਹੇਗਨ (ਏਜੰਸੀ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਰੂਸ ਵੱਲੋਂ ਹਮਲਾ ਸ਼ੁਰੂ ਕਰਨ ਤੋਂ ਬਾਅਦ ਕਰੀਬ ਸਾਢੇ 5 ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਯੂਕ੍ਰੇਨ ਦੀ ਫੌਜ ਦੀ ਮਦਦ ਲਈ ਹੋਰ ਫੰਡ ਮੁਹੱਈਆ ਕਰਵਾਇਆ ਜਾਵੇ। ਯੂਕ੍ਰੇਨ ਵਿੱਚ ਹਥਿਆਰਾਂ, ਸਿਖਲਾਈ ਅਤੇ ਬਾਰੂਦੀ ਸੁਰੰਗਾਂ ਨੂੰ ਹਟਾਉਣ ਲਈ ਵਿੱਤਪੋਸ਼ਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਡੈਨਮਾਰਕ ਵਿੱਚ ਇੱਕ ਸੰਮੇਲਨ ਵਿੱਚ ਰੱਖਿਆ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ, "ਜਿੰਨੀ ਜਲਦੀ ਅਸੀਂ ਰੂਸ ਨੂੰ ਰੋਕਾਂਗੇ, ਓਨੀ ਜਲਦੀ ਅਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ।"
ਯੂਕ੍ਰੇਨ ਤੋਂ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, “ਸਾਨੂੰ ਆਪਣੀ ਰੱਖਿਆ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਜ਼ਰੂਰਤ ਹੈ।” ਕੋਪੇਨਹੇਗਨ ਕਾਨਫਰੰਸ ਅਪ੍ਰੈਲ ਵਿੱਚ ਜਰਮਨੀ ਵਿੱਚ ਇੱਕ ਯੂ.ਐੱਸ. ਏਅਰ ਫੋਰਸ ਸਟੇਸ਼ਨ ਵਿੱਚ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ। ਡੈਨਮਾਰਕ ਦੀ ਰਾਜਧਾਨੀ ਵਿੱਚ ਆਯੋਜਿਤ ਹੋਏ ਸੰਮੇਲਨ ਵਿੱਚ ਸ਼ਾਮਲ ਹੋਏ ਯੂਕ੍ਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮੇਂ ਦੇਸ਼ ਦੀ ਤਰਜੀਹ ਹੋਰ ਲੜਾਕੂ ਜਹਾਜ਼ ਖ਼ਰੀਦਣ ਦੀ ਹੈ।