ਯੂਕ੍ਰੇਨ ਦਾ ਬਿਜਲੀ ਗਰਿੱਡ ਕਰ ਰਿਹਾ ਅਨੋਖੀਆਂ ਚੁਣੌਤੀਆਂ ਦਾ ਸਾਹਮਣਾ : ਊਰਜਾ ਮੰਤਰੀ
Saturday, Jan 17, 2026 - 10:09 AM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਨਵੇਂ ਊਰਜਾ ਮੰਤਰੀ ਨੇ ਕਿਹਾ ਕਿ ਰੂਸ ਨੇ ਆਪਣੇ ਹਮਲਿਆਂ ’ਚ ਯੂਕ੍ਰੇਨ ਦੇ ਇਕ ਵੀ ਬਿਜਲੀ ਪਲਾਂਟ ਨੂੰ ਨਹੀਂ ਬਖ਼ਸ਼ਿਆ ਹੈ ਅਤੇ ਹਵਾਈ ਬੰਬਾਰੀ ’ਚ ਹਾਲੀਆ ਵਾਧੇ ਕਾਰਨ ਕਈ ਸਾਲਾਂ ਦੀ ਸਭ ਤੋਂ ਭਿਆਨਕ ਠੰਢ ਵਿਚਕਾਰ ਹਜ਼ਾਰਾਂ ਲੋਕਾਂ ਨੂੰ ਬਿਜਲੀ ਤੋਂ ਵਾਂਝੇ ਹੋਣਾ ਪਿਆ ਹੈ। ਡੇਨਿਸ ਸ਼ਮਿਹਾਲ ਨੇ ਕਿਹਾ ਕਿ ਰੂਸ ਨੇ ਪਿਛਲੇ ਸਾਲ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ ’ਤੇ 612 ਹਮਲੇ ਕੀਤੇ ਅਤੇ ਹਾਲ ਦੇ ਮਹੀਨਿਆਂ ’ਚ ਇਹ ਹਮਲੇ ਹੋਰ ਵੀ ਤੇਜ਼ ਹੋ ਗਏ, ਜਦੋਂ ਰਾਤ ਦਾ ਤਾਪਮਾਨ ਸਿਫ਼ਰ ਤੋਂ 18 ਡਿਗਰੀ ਹੇਠਾਂ ਤੱਕ ਜਾ ਰਿਹਾ ਹੈ।
ਸ਼ਮਿਹਾਲ ਨੇ ਯੂਕ੍ਰੇਨ ਦੀ ਸੰਸਦ ‘ਵੇਰਖੋਵਨਾ ਰਾਡਾ’ ’ਚ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਦੁਨੀਆ ’ਚ ਕਿਸੇ ਨੇ ਵੀ ਕਦੇ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕੀਤਾ ਹੈ।’’ ਲੱਗਭਗ ਚਾਰ ਸਾਲ ਤੋਂ ਜਾਰੀ ਜੰਗ ’ਚ ਰੂਸ ਨੇ ਯੂਕ੍ਰੇਨ ਦੇ ਬਿਜਲੀ ਗਰਿੱਡ ਨੂੰ ਖਾਸ ਕਰਕੇ ਸਰਦੀਆਂ ਦੇ ਮੌਸਮ ’ਚ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।
