ਬ੍ਰਿਟੇਨ ਨੇ ਭਾਰਤੀਆਂ ਸਮੇਤ ਵਿਦੇਸ਼ੀ ਸਿਹਤ ਪੇਸ਼ੇਵਰਾਂ ਦੀ ਬਿਨਾਂ ਫੀਸ ਵੀਜ਼ਾ ਮਿਆਦ ਵਧਾਈ
Thursday, Apr 30, 2020 - 07:09 PM (IST)
ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਵਿਚ ਬ੍ਰਿਟੇਨ ਤੋਂ ਇਕ ਚੰਗੀ ਖਬਰ ਆਈ ਹੈ। ਬ੍ਰਿਟੇਨ ਨੇ ਭਾਰਤੀਆਂ ਸਮੇਤ ਹੋਰ ਵਿਦੇਸ਼ੀ ਸਿਹਤ ਕਰਮੀਆਂ ਨੂੰ ਬਿਨਾਂ ਕਿਸੇ ਫੀਸ ਦੇ ਵੀਜਾ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। ਇਹ ਸਹੂਲਤ ਅਗਲੇ ਇਕ ਸਾਲ ਦੇ ਲਈ ਹੈ।
ਇਸ ਐਲਾਨ ਨਾਲ ਸਿਹਤ ਖੇਤਰ ਵਿਚ ਕੰਮ ਕਰ ਰਹੇ ਕਰੀਬ 3 ਹਜ਼ਾਰ ਪੇਸ਼ੇਵਰਾਂ ਅਤੇ ਉਹਾਨਾਂ ਦੇ ਪਰਿਵਾਰ ਵਾਲਿਆਂ ਨੂੰ ਲਾਭ ਹੋਵੇਗਾ। ਜਿਹੜੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ ਉਹਨਾਂ ਵਿਚ ਡਾਕਟਰ, ਨਰਸ, ਦਾਈ, ਫਾਰਮਾਸਿਸਟ, ਮੈਡੀਕਲ ਰੇਡੀਓਗ੍ਰਾਫਰ, ਪੈਰਾ ਮੈਡੀਕਲ, ਥੈਰੇਪੀ ਪੇਸ਼ੇਵਰ, ਮਨੋਵਿਗਿਆਨੀ, ਜੀਵ ਵਿਗਿਆਨੀ ਅਤੇ ਬਾਇਓਕੈਮਿਸਟ, ਦੰਦਾਂ ਦੇ ਡਾਕਟਰ ਅਤੇ ਸਮਾਜਿਕ ਕਾਰਕੁੰਨ ਸ਼ਾਮਲ ਹਨ।
ਇਸ ਸੰਬੰਧ ਵਿਚ ਬ੍ਰਿਟੇਨ ਦੀ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਕਰ ਰਹੇ ਭਾਰਤੀ ਡਾਕਟਰਾਂ ਸਮੇਤ ਹੋਰ ਵਿਦੇਸ਼ੀ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਕਰਮੀਆਂ ਨੂੰ ਬਿਨਾਂ ਕਿਸੇ ਫੀਸ ਦੇ ਵੀਜਾ ਵਿਸਥਾਰ ਦੀ ਸਹੂਲਤ ਦਾ ਲਾਭ ਮਿਲੇਗਾ। ਬ੍ਰਿਟੇਨ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੁੱਧਵਾਰ ਨੂੰ ਇਸ ਸੰਬੰਧ ਵਿਚ ਐਲਾਨ ਕੀਤਾ। ਐਲਾਨ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਨਾਲ ਸਿਹਤ ਅਤੇ ਦੇਖਭਾਲ ਨਾਲ ਜੁੜੇ ਉਹਨਾਂ ਸਾਰੇ ਪੇਸ਼ੇਵਰਾਂ ਨੂੰ ਲਾਭ ਮਿਲੇਗਾ ਜੋ ਵਰਕ ਵੀਜ਼ਾ 'ਤੇ ਬ੍ਰਿਟੇਨ ਵਿਚ ਸੇਵਾਵਾਂ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਡਾਕਟਰ ਨੂੰ ਦੁਬਈ ਪੁਲਸ ਨੇ ਕੀਤਾ ਸੈਲਿਊਟ
ਪ੍ਰੀਤੀ ਨੇ ਕਿਹਾ,''ਦਾਈਆਂ, ਰੇਡੀਓਗ੍ਰਾਫਰਾਂ, ਸਮਾਜਿਕ ਕਾਰਕੁੰਨਾਂ ਅਤੇ ਫਾਰਮਾਸਿਸਟ ਸਮੇਤ ਸਿਹਤ ਸੇਵਾ ਨਾਲ ਸੰਬੰਧਤ ਜਿਹੜੇ ਕਰਮੀਆਂ ਦੇ ਵੀਜ਼ਾ ਦੀ ਮਿਆਦ 1 ਅਕਤੂਬਰ ਤੋਂ ਖਤਮ ਹੋਣ ਜਾ ਰਹੀ ਹੈ ਉਹਨਾਂ ਦੀ ਵੀਜ਼ਾ ਮਿਆਦ 1 ਸਾਲ ਲਈ ਖੁਦ ਹੀ ਵੱਧ ਜਾਵੇਗੀ।'' ਪ੍ਰੀਤੀ ਨੇ ਕਿਹਾ ਕਿ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਅਤੇ ਸੁਤੰਤਰ ਖੇਤਰ ਵਿਚ ਕੰਮ ਕਰ ਰਹੇ ਕਰਮੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵੀਜ਼ਾ ਮਿਆਦ ਵਿਚ ਬਿਨਾਂ ਫੀਸ ਦੇ ਵਿਸਥਾਰ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਐੱਨ.ਐੱਚ.ਐੱਸ. ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲਾਂ ਲਈ ਇਹ ਐਲਾਨ ਕੀਤਾ ਗਿਆ ਸੀ।