ਯੂ. ਕੇ. : ਜਨਵਰੀ ''ਚ ਸਿਰਫ ਸ਼ਾਕਾਹਾਰੀ ਭੋਜਨ ਖਾਣ ਦੀ ਚੁਣੌਤੀ ''ਤੇ 5 ਲੱਖ ਲੋਕਾਂ ਨੇ ਕੀਤੇ ਦਸਤਖ਼ਤ

Wednesday, Jan 06, 2021 - 11:42 PM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੁਨੀਆ ਭਰ ਵਿਚ ਭੋਜਨ ਸੰਬੰਧੀ ਕਈ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਭੋਜਨ ਦੀਆਂ ਵੱਖਰੀਆਂ ਕਿਸਮਾਂ ਬਾਰੇ ਲੋਕਾਂ ਵਿਚਕਾਰ ਰੁਚੀ ਪੈਦਾ ਕੀਤੀ ਜਾ ਸਕੇ। ਜਨਵਰੀ ਮਹੀਨੇ ਵਿਚ ਸ਼ਾਕਾਹਾਰੀ ਭੋਜਨ ਨੂੰ ਜ਼ਿਆਦਾ ਮਸ਼ਹੂਰ ਕਰਨ ਲਈ ਤਕਰੀਬਨ 5 ਲੱਖ ਲੋਕਾਂ ਨੇ ਇਕ ਮਹੀਨੇ ਲਈ ਸਿਰਫ ਬਨਸਪਤੀ ਅਧਾਰਿਤ ਸ਼ਾਕਾਹਾਰੀ ਭੋਜਨ ਖਾਣ ਲਈ ਵੈਗਨੁਰੀ ਚੁਣੌਤੀ 'ਤੇ ਦਸਤਖ਼ਤ ਕੀਤੇ ਹਨ ਅਤੇ ਇਹ ਗਿਣਤੀ 2019 ਦੀ ਜਨਵਰੀ ਵਿਚ ਸ਼ਾਕਾਹਾਰੀ ਰਹਿਣ ਦਾ ਵਾਅਦਾ ਕਰਨ ਵਾਲੇ ਲੋਕਾਂ ਨਾਲੋਂ ਦੁੱਗਣੀ ਹੈ। 

ਇਸ ਚੁਣੌਤੀ ਦਾ ਸਾਹਮਣਾ ਕਰਨ ਵਾਲਿਆਂ ਵਿਚੋਂ ਲਗਭਗ 1,25,000 ਲੋਕ ਯੂ. ਕੇ. ਵਿਚ ਹਨ ਅਤੇ ਇਸ ਸਾਲ ਟੈਸਕੋ ਸਣੇ ਕਈ ਬ੍ਰਿਟਿਸ਼ ਸੁਪਰ ਮਾਰਕੀਟਾਂ ਨੇ ਪਹਿਲੀ ਵਾਰ ਵੇਗਨੁਰੀ ਨੂੰ ਉਤਸ਼ਾਹਿਤ ਕਰਨ ਵਾਲੇ ਟੈਲੀਵਿਜ਼ਨ ਅਤੇ ਰੇਡੀਓ ਵਿਗਿਆਪਨ ਚਲਾਏ ਹਨ ਜਦਕਿ ਹੋਰ ਸੁਪਰ ਮਾਰਕੀਟਾਂ ਜਿਵੇਂ ਕਿ ਆਲਦੀ, ਅਸਡਾ ਅਤੇ ਆਈਸਲੈਂਡ ਨੇ ਪਹਿਲੀ ਵਾਰੀ ਜਾਣਕਾਰੀ ਵਾਲੇ ਪੇਜ਼ ਤਿਆਰ ਕੀਤੇ ਹਨ। ਮੀਟ ਤੋਂ ਇਲਾਵਾ ਸ਼ਾਕਾਹਾਰੀ ਭੋਜਨ ਬਾਰੇ ਯੂ. ਬੀ. ਐੱਸ. ਬੈਂਕ ਵਲੋਂ ਕੀਤੀ ਖੋਜ ਅਨੁਸਾਰ ਵੱਧਦੀ ਗਿਣਤੀ ਵਿਚ ਲੋਕ ਨਵੇਂ ਉਤਪਾਦਾਂ ਨੂੰ ਪਹਿਲ ਦੇ ਰਹੇ ਹਨ।

ਇਸ ਸੰਬੰਧੀ ਯੂ. ਕੇ. ,ਅਮਰੀਕਾ ਅਤੇ ਜਰਮਨੀ ਦੇ 3,000 ਖਪਤਕਾਰਾਂ ਦੇ ਸਰਵੇਖਣ ਅਨੁਸਾਰ, ਮਾਰਚ ਅਤੇ ਨਵੰਬਰ 2020 ਦਰਮਿਆਨ ਭੋਜਨ ਸੰਬੰਧੀ ਬਦਲ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦਾ ਅਨੁਪਾਤ 48 ਤੋਂ 53 ਫ਼ੀਸਦੀ ਹੋ ਗਿਆ ਹੈ।
ਵੇਗਨੁਰੀ ਸ਼ਾਕਾਹਾਰੀ ਭੋਜਨ ਲਈ ਇਕ ਵਿਸ਼ਵਵਿਆਪੀ ਮੁਹਿੰਮ ਹੈ, ਜਿਸ ਨੇ ਹਾਲ ਹੀ ਵਿਚ ਲਾਤੀਨੀ ਅਮਰੀਕਾ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜਿੱਥੇ ਇਸ ਸਾਲ 1,50,000 ਲੋਕਾਂ ਨਾਲ ਅਮਰੀਕਾ ਅਤੇ ਜਰਮਨੀ ਵਿਚ ਵੀ ਕ੍ਰਮਵਾਰ 80,000 ਤੇ 50,000 ਲੋਕ ਜੁੜੇ ਹਨ।


Sanjeev

Content Editor

Related News