ਬਰਮਿੰਘਮ ਯੂਨੀਵਰਸਿਟੀ ਨੇ ਸਿੱਖਾਂ ਨੂੰ ਮੁਸਲਮਾਨ ਸਮਝਣ ਦੀ ਭੁੱਲ ਸਬੰਧੀ ਪੋਸਟ ਨੂੰ ਲੈ ਕੇ ਮੰਗੀ ਮੁਆਫੀ
Tuesday, Feb 20, 2024 - 05:33 PM (IST)
ਲੰਡਨ (ਭਾਸ਼ਾ)- ਯੂਨੀਵਰਸਿਟੀ ਆਫ ਬਰਮਿੰਘਮ ਨੇ ਇਕ ਵਿਵਾਦਤ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਂਦੇ ਹੋਏ ਮੁਆਫੀ ਮੰਗੀ ਹੈ। ਇਸ ਪੋਸਟ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਸਿੱਖ ਵਿਦਿਆਰਥੀਆਂ ਨੂੰ ਮੁਸਲਮਾਨ ਸਮਝਣ ਦੀ ਭੁੱਲ ਹੋਈ ਹੈ। ਬਰਮਿੰਘਮ ਮੇਲ ਦੀ ਖ਼ਬਰ ਮੁਤਾਬਕ ਯੂਨੀਵਰਸਿਟੀ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਕਿਹਾ ਗਿਆ ਸੀ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਦੀ ਸਿੱਖ ਸੁਸਾਇਟੀ ਵੱਲੋਂ ਆਯੋਜਿਤ 20ਵਾਂ 'ਲੰਗਰ ਆਨ ਕੈਂਪਸ' ਪ੍ਰੋਗਰਾਮ ਇਸਲਾਮਿਕ ਜਾਗਰੂਕਤਾ ਹਫ਼ਤੇ ਦਾ ਹਿੱਸਾ ਸੀ। ਯੂਨੀਵਰਸਿਟੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ 'ਚ ਲੰਗਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ ਅਤੇ ਕੈਪਸ਼ਨ ਵਿਚ 'ਡਿਸਕਵਰ ਇਸਲਾਮ ਵੀਕ' ਲਿਖਿਆ ਗਿਆ ਸੀ, ਜੋ ਕਿ ਯੂਨੀਵਰਸਿਟੀ ਦੀ ਇਸਲਾਮਿਕ ਸੁਸਾਇਟੀ ਵੱਲੋਂ ਚਲਾਈ ਜਾਂਦੀ ਸਾਲਾਨਾ ਜਾਗਰੂਕਤਾ ਮੁਹਿੰਮ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ: ਦੰਦਾਂ ਦੀ ਸਰਜਰੀ ਕਰਾਉਣ ਗਏ ਮੁੰਡੇ ਦੀ ਮੌਤ, ਅਗਲੇ ਮਹੀਨੇ ਚੜ੍ਹਨਾ ਸੀ ਘੋੜੀ
ਸਿੱਖ ਪ੍ਰੈੱਸ ਐਸੋਸੀਏਸ਼ਨ ਦੇ ਬੁਲਾਰੇ ਜਸਵੀਰ ਸਿੰਘ ਨੇ ਕਿਹਾ, ''ਇਹ ਦੇਖ ਕੇ ਨਾ ਸਿਰਫ ਨਿਰਾਸ਼ਾ ਹੋਈ ਹੈ ਸਗੋਂ ਹੈਰਾਨੀ ਵੀ ਹੋਈ ਹੈ ਕਿ ਜਿਨ੍ਹਾਂ ਲੋਕਾਂ 'ਤੇ ਬਰਮਿੰਘਮ ਯੂਨੀਵਰਸਿਟੀ ਦੇ ਅਕਸ ਦੀ ਜ਼ਿੰਮੇਵਾਰੀ ਹੈ, ਉਹ ਯੂਨੀਵਰਸਿਟੀ ਵਿਚ ਭਾਈਚਾਰਿਆਂ ਬਾਰੇ ਅਣਜਾਣ ਹਨ।'' ਯੂਨੀਵਰਸਿਟੀ ਦੀ ਇਸ ਗਲਤੀ ਨੂੰ ਐਸੋਸੀਏਸ਼ਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਜਾਗਰ ਕੀਤਾ ਸੀ। ਸਿੰਘ ਨੇ ਕਿਹਾ, "ਇਹ ਸਪੱਸ਼ਟ ਤੌਰ 'ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ ਅਤੇ ਸਿੱਖਿਆ ਦਾ ਮੁੱਦਾ ਹੈ। ਸਿੱਖ ਦਹਾਕਿਆਂ ਤੋਂ ਬਰਮਿੰਘਮ ਯੂਨੀਵਰਸਿਟੀ ਭਾਈਚਾਰੇ ਦਾ ਅਹਿਮ ਹਿੱਸਾ ਰਹੇ ਹਨ।'' ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਯੂਨੀਵਰਸਿਟੀ ਦੀ ਗਲਤੀ ਨੂੰ 'ਹੈਰਾਨ ਕਰਨ ਵਾਲਾ' ਅਤੇ 'ਅਵਿਸ਼ਵਾਸਯੋਗ' ਦੱਸਿਆ।
ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਕਿਹਾ, ''ਇਸ (ਸੋਸ਼ਲ ਮੀਡੀਆ ਪੋਸਟ) ਨਾਲ ਲੋਕਾਂ ਨੂੰ ਜੋ ਠੇਸ ਪੁੱਜੀ ਹੈ, ਉਸ ਲਈ ਯੂਨੀਵਰਸਿਟੀ ਦਿਲੋਂ ਮੁਆਫੀ ਮੰਗਦੀ ਹੈ। ਸਾਡਾ ਮੰਨਣਾ ਹੈ ਕਿ ਇਹ ਪੋਸਟ ਗਲਤੀ ਨਾਲ ਹੋਈ ਸੀ। ਪੋਸਟ ਕਰਨ ਤੋਂ ਤੁਰੰਤ ਬਾਅਦ ਗਲਤੀ ਦਾ ਪਤਾ ਲੱਗਾ ਅਤੇ ਇਸਨੂੰ ਤੁਰੰਤ ਹਟਾ ਦਿੱਤਾ ਗਿਆ। ਯੂਨੀਵਰਸਿਟੀ ਆਪਣੇ ਭਾਈਚਾਰੇ ਦੀ ਵਿਭਿੰਨਤਾ ਦਾ ਆਦਰ ਕਰਦੀ ਹੈ ਅਤੇ ਉਸ ਨੂੰ ਉਨ੍ਹਾਂ 'ਤੇ ਮਾਣ ਹੈ। ਉਹ ਸੁਆਗਤ ਕਰਨ ਵਾਲਾ ਅਤੇ ਸਮਾਵੇਸ਼ੀ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ। ਅਸੀਂ ਸਿੱਧੇ ਤੌਰ 'ਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਮੁਆਫੀ ਮੰਗਣ ਅਤੇ ਉਨ੍ਹਾਂ ਦੇ ਵਿਚਾਰ ਮੰਗਣ ਲਈ ਸੰਪਰਕ ਕੀਤਾ ਹੈ।'' 20 ਸਾਲ ਪਹਿਲਾਂ ਯੂਨੀਵਰਸਿਟੀ ਕੈਂਪਸ ਵਿੱਚ ਪਹਿਲਾ ਲੰਗਰ ਲਗਾਇਆ ਗਿਆ ਸੀ। ਇਸ ਮਹੀਨੇ ਇਸ ਦਾ 20ਵਾਂ ਸਾਲ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।