ਦੱਖਣੀ ਅਫਰੀਕਾ ''ਚ ਫੈਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਕਈ ਮਾਮਲੇ ਯੂ. ਕੇ. ''ਚ ਮਿਲੇ

01/25/2021 1:56:12 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਦੱਖਣੀ ਅਫਰੀਕਾ ਵਿਚ ਫੈਲੇ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸਿਹਤ ਮਾਹਰਾਂ ਅਨੁਸਾਰ ਵਾਇਰਸ ਦਾ ਇਹ ਰੂਪ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਅਤੇ ਯੂ. ਕੇ. ਵਿਚ ਹੁਣ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕਾ ਰੂਪ ਦੇ 77 ਮਾਮਲੇ ਸਾਹਮਣੇ ਆਏ ਹਨ। 

ਇਸ ਸੰਬੰਧੀ ਸਿਹਤ ਸਕੱਤਰ ਮੈਟ ਹੈਨਕਾਕ ਨੇ ਐਤਵਾਰ ਸਵੇਰੇ ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਇਰਸ ਦੇ ਇਸ ਰੂਪ ਨਾਲ ਸੰਬੰਧਤ ਸਾਰੇ ਮਾਮਲੇ ਉਨ੍ਹਾਂ ਲੋਕਾਂ ਵਿਚ ਸਨ, ਜਿਨ੍ਹਾਂ ਨੇ ਹਾਲ ਹੀ ਵਿਚ ਯਾਤਰਾ ਕੀਤੀ ਸੀ। ਇਸ ਦੇ ਇਲਾਵਾ ਸਿਹਤ ਸਕੱਤਰ ਅਨੁਸਾਰ ਦੱਖਣੀ ਅਫਰੀਕਾ ਦੇ ਇਸ ਵਾਇਰਸ ਦੇ ਨਵੇਂ ਰੂਪ ਤੋਂ ਇਲਾਵਾ ਬ੍ਰਾਜ਼ੀਲ ਨਾਲ ਸੰਬੰਧਤ ਕੋਰੋਨਾ ਵਾਇਰਸ ਦੇ ਇਕ ਹੋਰ ਰੂਪ ਦੇ 9 ਮਾਮਲੇ ਵੀ ਸਾਹਮਣੇ ਆਏ ਹਨ। 

ਇਸ ਤਰ੍ਹਾਂ ਦੇ ਵਾਇਰਸ ਨੂੰ ਰੋਕਣ ਲਈ ਸਰਕਾਰ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਅਤੇ ਹੁਣ ਸਰਕਾਰ ਉੱਚ ਜ਼ੋਖ਼ਮ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਯੂ. ਕੇ. ਆਉਣ 'ਤੇ ਲਾਜ਼ਮੀ ਇਕਾਂਤਵਾਸ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ, ਜਿੱਥੇ ਯਾਤਰੀਆਂ ਨੂੰ ਹੋਟਲ ਵਿਚ ਰੁਕਣ ਲਈ ਭੁਗਤਾਨ ਕਰਨਾ ਪਵੇਗਾ। ਸਿਹਤ ਸਕੱਤਰ ਅਨੁਸਾਰ ਬ੍ਰਾਜ਼ੀਲ ਅਤੇ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਟੀਕਿਆਂ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਸਕਦੇ ਹਨ, ਇਸ ਲਈ ਸੁਰੱਖਿਆ ਕਾਰਨਾਂ ਕਰਕੇ ਸਰਕਾਰ ਯੂ. ਕੇ. ਦੀਆਂ ਸਰਹੱਦਾਂ ਦੀ ਰੱਖਿਆ ਲਈ ਜ਼ਿਆਦਾ ਸਾਵਧਾਨੀ ਵਰਤੇਗੀ।


Lalita Mam

Content Editor

Related News