ਯੂ. ਕੇ. ''ਚ 12 ਹਫ਼ਤਿਆਂ ਦੇ ਬੱਚੇ ਨੂੰ ਜਾਨੋਂ ਮਾਰਨ ''ਤੇ ਹੋਈ ਉਮਰ ਕੈਦ ਦੀ ਸਜ਼ਾ

Saturday, Feb 06, 2021 - 05:37 PM (IST)

ਯੂ. ਕੇ. ''ਚ 12 ਹਫ਼ਤਿਆਂ ਦੇ ਬੱਚੇ ਨੂੰ ਜਾਨੋਂ ਮਾਰਨ ''ਤੇ ਹੋਈ ਉਮਰ ਕੈਦ ਦੀ ਸਜ਼ਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਇਕ ਬੇਰਹਿਮ ਵਿਅਕਤੀ ਨੇ ਆਪਣੀ ਸਾਥੀ ਦੇ ਸਿਰਫ 12 ਹਫ਼ਤਿਆਂ ਦੇ ਬੱਚੇ ਦਾ ਕਿਸੇ ਸਖਤ ਜਗ੍ਹਾ 'ਤੇ ਸਿਰ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੂੰ ਅਦਾਲਤ ਦੁਆਰਾ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਇਸ ਮਾਮਲੇ ਵਿਚ 31 ਸਾਲਾ ਕੇਨ ਮਿਸ਼ੇਲ ਨਾਮ ਦੇ ਆਦਮੀ ਨੂੰ ਛੋਟੇ ਬੱਚੇ ਟੇਡੀ ਮਿਸ਼ੇਲ ਦੀ ਹੱਤਿਆ ਦੇ ਦੋਸ਼ ਵਿਚ ਘੱਟੋ-ਘੱਟ 18 ਸਾਲ ਦੀ ਕੈਦ ਕੱਟਣੀ ਪਵੇਗੀ। ਸੈਂਟ ਨਿਊਟਸ, ਕੈਂਬਰਿਜਸ਼ਾਇਰ ਵਿੱਚ 1 ਨਵੰਬਰ, 2019 ਨੂੰ ਹੋਏ ਇਸ ਹਿੰਸਕ ਹਮਲੇ ਤੋਂ ਬਾਅਦ ਇਸ ਮਾਸੂਮ ਬੱਚੇ ਟੇਡੀ ਦੇ ਦਿਮਾਗ, ਰੀੜ੍ਹ ਦੀ ਹੱਡੀ, ਅੱਖਾਂ, ਖੋਪੜੀ, ਪਸਲੀਆਂ ਅਤੇ ਕਾਲਰ ਦੀ ਹੱਡੀ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਕਰਕੇ 10 ਦਿਨਾਂ ਬਾਅਦ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। 

ਇਸ ਘਟਨਾ ਦੇ ਸਮੇਂ ਟੇਡੀ ਦੀ ਮਾਂ ਲੂਸੀ ਸਮਿੱਥ ਘਰ ਵਿਚ ਮੌਜੂਦ ਨਹੀਂ ਸੀ। ਜੱਜ ਜਸਟਿਸ ਨੋਲਸ ਨੇ ਕੈਮਬ੍ਰਿਜ ਕ੍ਰਾਊਨ ਕੋਰਟ ਦੀ ਕਾਰਵਾਈ ਦੌਰਾਨ ਦੱਸਿਆ ਕਿ ਮਿਸ਼ੇਲ ਦਾ ਬੱਚੇ ਨੂੰ ਮਾਰਨ ਦਾ ਇਰਾਦਾ ਨਹੀਂ ਸੀ, ਉਸ ਦੇ ਗੁੱਸੇ ਨਾਲ ਮਾਸੂਮ ਟੇਡੀ ਨਾਲ ਇਹ ਹਾਦਸਾ ਵਾਪਰਿਆ। ਇਸ ਜੁਰਮ ਅਧੀਨ ਸ਼ੁੱਕਰਵਾਰ ਨੂੰ ਅਦਾਲਤ ਦੁਆਰਾ ਉਸਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸਦੇ ਨਾਲ ਹੀ ਬੱਚੇ ਦੀ ਮਾਂ ਲੂਸੀ ਸਮਿੱਥ ਨੂੰ ਵੀ ਆਪਣੇ ਜ਼ਖਮੀ ਬੇਟੇ ਲਈ ਐਂਬੂਲੈਂਸ ਬੁਲਾਉਣ ਵਿੱਚ ਦੇਰੀ ਕਰਨ ਲਈ ਦੋਸ਼ੀ ਪਾਈ ਜਾਣ 'ਤੇ ਉਸ ਨੂੰ ਦੋ ਸਾਲਾਂ ਦਾ ਕਮਿਊਨਿਟੀ ਆਰਡਰ ਸੌਂਪਿਆ ਗਿਆ ਹੈ, ਕਿਉਂਕਿ ਜੱਜ ਨੋਲਜ਼ ਅਨੁਸਾਰ ਉਸ ਨੇ ਮੁਕੱਦਮੇ ਤੋਂ ਪਹਿਲਾਂ ਰਿਮਾਂਡ ‘ਤੇ ਰਹਿਣ ਕਾਰਨ ਪਹਿਲਾਂ ਹੀ ਕਈ ਮਹੀਨੇ ਜੇਲ੍ਹ ਵਿਚ ਬਿਤਾਏ ਹਨ।
 


author

Lalita Mam

Content Editor

Related News