ਲੰਡਨ, ਕੈਂਟ ਅਤੇ ਏਸੇਕਸ ''ਚ ਹੋਵੇਗੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਕੋਰੋਨਾ ਜਾਂਚ
Friday, Dec 11, 2020 - 05:29 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬੇਸ਼ੱਕ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਟੀਕਾਕਰਣ ਦਾ ਆਗਾਜ਼ ਹੋ ਚੁੱਕਾ ਹੈ, ਪਰ ਫਿਰ ਵੀ ਵਾਇਰਸ ਦੀ ਲਾਗ ਕਈ ਖੇਤਰਾਂ ਵਿੱਚ ਵਧ ਰਹੀ ਹੈ। ਰਾਜਧਾਨੀ ਲੰਡਨ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਵੀ ਵਾਇਰਸ ਦਾ ਪ੍ਰਸਾਰ ਹੋ ਰਿਹਾ ਹੈ। ਇਸ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਸਿਹਤ ਸਕੱਤਰ ਮੈਟ ਹੈਨਕਾਕ ਅਨੁਸਾਰ ਲੰਡਨ, ਕੈਂਟ ਅਤੇ ਏਸੇਕਸ ਦੇ ਸਭ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਸੈਕੰਡਰੀ ਸਕੂਲ ਦੇ ਬੱਚਿਆਂ ਲਈ ਵੱਡੇ ਪੱਧਰ 'ਤੇ ਕੋਰੋਨਾਂ ਵਾਇਰਸ ਦੀ ਜਾਂਚ ਕੀਤੀ ਜਾਵੇਗੀ।
ਇਨ੍ਹਾਂ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀਆਂ ਦਰਾਂ ਦਾ 11 ਤੋਂ 18 ਸਾਲ ਦੇ ਬੱਚਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਇਸ ਲਈ ਸਿਹਤ ਸਕੱਤਰ ਅਨੁਸਾਰ ਸਕੂਲ ਬੱਚਿਆਂ ਵਿੱਚ ਵਾਧੇ ਨੂੰ ਫੈਲਣ ਤੋਂ ਰੋਕਣ ਲਈ ਕੁਝ ਕਰਨ ਦੀ ਲੋੜ ਹੈ ਜਦਕਿ ਇਸ ਸੰਬੰਧੀ ਹੋਰ ਵੇਰਵੇ ਸ਼ੁੱਕਰਵਾਰ ਨੂੰ ਤੈਅ ਕੀਤੇ ਜਾਣਗੇ। ਪੂਰਬੀ ਲੰਡਨ ਅਤੇ ਕੈਂਟ ਅਤੇ ਏਸੇਕਸ ਦੇ ਕੁੱਝ ਹਿੱਸੇ ਇੰਗਲੈਂਡ ਵਿੱਚ ਕੋਵਿਡ ਹਾਟਸਪੌਟਸ ਬਣ ਗਏ ਹਨ ਅਤੇ ਪਿਛਲੇ ਹਫਤੇ ਕੁੱਝ ਖੇਤਰਾਂ ਵਿੱਚ ਪ੍ਰਤੀ 100,000 ਵਿਅਕਤੀਆਂ ਪਿੱਛੇ 300 ਤੋਂ ਵੱਧ ਮਾਮਲਿਆਂ ਨਾਲ ਵਾਇਰਸ ਦੀਆਂ ਦਰਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਮੌਕੇ ਸਰਕਾਰ ਨੂੰ ਉਮੀਦ ਹੈ ਕਿ ਕੋਰੋਨਾਂ ਜਾਂਚ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਵਾਇਰਸ ਦੇ ਹੜ੍ਹ ਨੂੰ ਰੋਕਿਆ ਜਾ ਸਕਦਾ ਹੈ।
ਵਿਦਿਆਰਥੀਆਂ ਵਿਚਕਾਰ ਟੈਸਟਾਂ ਦੀ ਪ੍ਰਕਿਰਿਆ ਲੰਡਨ ਦੇ ਲੱਗਭਗ ਸੱਤ ਖੇਤਰਾਂ ਵਿੱਚ ਕੀਤੀ ਜਾਵੇਗੀ, ਜਿਸ ਲਈ ਮੋਬਾਈਲ ਟੈਸਟਿੰਗ ਯੂਨਿਟ ਵਧਾਈ ਜਾ ਰਹੀ ਹੈ ਅਤੇ ਟੈਸਟ ਕਰਨ ਲਈ ਦੋ ਤਰ੍ਹਾਂ ਦੇ ਪੀ ਸੀ ਆਰ ਟੈਸਟ ( ਸਟੈਂਡਰਡ ਕੋਰੋਨਾਵਾਇਰਸ ਟੈਸਟ ਅਤੇ ਲੇਟਰਲ ਫਲੋ ਟੈਸਟ) ਦੀ ਵਰਤੋਂ ਕੀਤੀ ਜਾਵੇਗੀ, ਜਿਹਨਾਂ ਦਾ ਨਤੀਜਾ ਪ੍ਰਾਪਤ ਕਰਨ ਵਿੱਚ ਲੱਗਭਗ ਅੱਧਾ ਘੰਟਾ ਲੱਗਦਾ ਹੈ।