ਅਮਰੀਕਾ ਜਾ ਰਿਹਾ ਬ੍ਰਿਟੇਨ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ ਹੋਇਆ ਖ਼ਰਾਬ
Monday, Aug 29, 2022 - 06:05 PM (IST)
ਲੰਡਨ (ਏਜੰਸੀ)- ਬ੍ਰਿਟੇਨ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ (ਜਹਾਜ਼ ਲਿਜਾਣ ਵਾਲਾ ਬੇੜਾ) 'ਐੱਚ.ਐੱਮ.ਐੱਸ. ਪ੍ਰਿੰਸ ਆਫ ਵੇਲਜ਼' ਅਮਰੀਕਾ ਲਈ ਪੋਰਟਸਮਾਊਥ ਨੇਵਲ ਬੇਸ ਤੋਂ ਰਵਾਨਾ ਹੋਣ ਤੋਂ ਬਾਅਦ ਇੰਗਲੈਂਡ ਦੇ ਦੱਖਣੀ ਤੱਟ 'ਤੇ ਖ਼ਰਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜੰਗੀ ਜਹਾਜ਼ 'ਚ ਕੁਝ ਮਕੈਨੀਕਲ ਖ਼ਰਾਬੀ ਆ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
3 ਅਰਬ ਪੌਂਡ ਦੀ ਲਾਗਤ ਵਾਲਾ ਇਹ ਸਮੁੰਦਰੀ ਜਹਾਜ਼ ਜਲ ਸੈਨਾ ਦੇ ਬੇੜੇ ਵਿੱਚ ਪਿਛਲੇ ਸਾਲ ਪੂਰੀ ਤਰ੍ਹਾਂ ਸ਼ਾਮਲ ਹੋਇਆ ਸੀ। ਖ਼ਬਰ ਹੈ ਕਿ ਖ਼ਰਾਬੀ ਆਉਣ ਤੋਂ ਬਾਅਦ ਇਹ ਹੁਣ ਆਇਲ ਆਫ ਵਾਈਟ ਦੇ ਦੱਖਣ-ਪੂਰਬੀ ਸਮੁੰਦਰੀ ਖੇਤਰ ਵਿੱਚ ਖੜ੍ਹਾ ਹੈ। ਬ੍ਰਿਟੇਨ ਦੀ ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਐੱਚ.ਐੱਮ.ਐੱਸ. ਪ੍ਰਿੰਸ ਆਫ ਵੇਲਜ਼ ਵਿਚ ਮਕੈਨੀਕਲ ਖ਼ਰਾਬੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਦੱਖਣੀ ਤੱਟ ਦੇ ਅਭਿਆਸ ਖੇਤਰ ਵਿੱਚ ਹੈ।
ਰਾਇਲ ਜਲ ਸੇਨਾ ਨੇ ਸ਼ਨੀਵਾਰ ਨੂੰ ਕੈਰੇਬੀਆਈ ਖੇਤਰ ਵਿੱਚ ਉੱਤਰੀ ਅਮਰੀਕਾ ਦੇ ਸਮੁੰਦਰੀ ਖੇਤਰ ਵਿੱਚ "ਸਟੀਲਥ ਜੈੱਟ ਅਤੇ ਡਰੋਨ ਸੰਚਾਲਨ ਦੇ ਭਵਿੱਖ ਨੂੰ ਆਕਾਰ ਦੇਣ" ਲਈ 65,000 ਟਨ ਵਜ਼ਨੀ ਜੰਗੀ ਜਹਾਜ਼ ਦੇ ਅਮਰੀਕਾ ਰਵਾਨਾ ਹੋਣ ਦਾ ਐਲਾਨ ਕੀਤਾ ਸੀ।