ਸ਼ਾਹੀ ਟਕਸਾਲ ਯੂ. ਕੇ. ਦੀਆਂ ਮਹਾਨ ਸਖਸ਼ੀਅਤਾਂ ਨੂੰ ਸਮਰਪਿਤ ਨਵੇਂ ਸਿੱਕੇ ਕਰੇਗੀ ਜਾਰੀ
Friday, Jan 08, 2021 - 06:08 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੀ ਸਿੱਕੇ ਬਣਾਉਣ ਵਾਲੀ ਸੰਸਥਾ ਰਾਇਲ ਟਕਸਾਲ 2021 ਦੇ ਨਵੇਂ ਸਿੱਕਾ ਸੰਗ੍ਰਹਿ ਵਿਚ ਪੰਜ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਦੇਣ ਵਜੋਂ ਨਵੇਂ ਸਿੱਕੇ ਜਾਰੀ ਕਰੇਗੀ। ਇਨ੍ਹਾਂ ਵਿਚ ਦੋ ਪ੍ਰਸਿੱਧ ਸਕਾਟਿਸ਼ ਇਤਿਹਾਸਕ ਵਿਅਕਤੀ ਵੀ ਸ਼ਾਮਲ ਹਨ। ਇਸ ਨਵੇਂ ਸੰਗ੍ਰਹਿ ਵਿਚ ਇਕ 2 ਪੌਂਡ ਦਾ ਨਵਾਂ ਸਿੱਕਾ ਸਕਾਟਲੈਂਡ ਦੇ ਨਾਵਲਕਾਰ ਸਰ ਵਾਲਟਰ ਸਕਾਟ ਦੇ ਜਨਮ ਦੀ 250 ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ ਅਤੇ ਇਕ 50 ਪੈਂਸ ਦਾ ਸਿੱਕਾ ਟੈਲੀਵਿਜ਼ਨ ਦੀਆਂ ਸ਼ੁਰੂਆਤੀ ਪ੍ਰਕਿਰਿਆਵਾਂ ਲਈ ਮਸ਼ਹੂਰ ਖੋਜੀ ਜਾਨ ਲੋਗੀ ਬੇਅਰਡ ਦੀ ਮੌਤ ਦੀ 75 ਵੀਂ ਵਰ੍ਹੇਗੰਢ ਦੀ ਯਾਦਗਾਰ ਹੋਵੇਗਾ।
ਸਰ ਵਾਲਟਰ ਸਕਾਟ ਸਾਹਿਤ ਵਿਚ ਯੋਗਦਾਨ ਕਾਰਨ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਸਕਾਟਿਸ਼ ਲੋਕਾਂ ਵਿਚੋਂ ਜਾਂਦੇ ਹਨ ਜਦਕਿ ਹੇਲਨਸਬਰਗ ਦੇ ਖੋਜਕਾਰ ਜਾਨ ਲੋਗੀ ਬੇਅਰਡ ਨੇ 26 ਜਨਵਰੀ, 1926 ਨੂੰ ਦੁਨੀਆ ਦੀ ਪਹਿਲੀ ਕਾਰਜਸ਼ੀਲ ਟੈਲੀਵਿਜ਼ਨ ਪ੍ਰਣਾਲੀ ਦਾ ਪ੍ਰਦਰਸ਼ਨ ਕੀਤਾ ਸੀ। ਇਸ ਦੇ ਨਾਲ ਹੀ ਇਸ ਸੰਗ੍ਰਹਿ ਦਾ ਇਕ ਹੋਰ ਸਿੱਕਾ ਐੱਚ. ਜੀ. ਵੇਲਜ਼ ਦੀ ਮੌਤ ਦੀ 75 ਵੀਂ ਵਰ੍ਹੇਗੰਢ ਦੀ ਯਾਦਗਾਰ ਹੋਵੇਗਾ। ਵੇਲਜ਼ ਨੇ ਟਾਈਮ ਮਸ਼ੀਨ ਅਤੇ 'ਦਿ ਵਾਰ ਆਫ਼ ਵਰਲਡ' ਵਰਗੇ ਕਲਾਸਿਕ ਵਿਗਿਆਨਕ ਨਾਵਲ ਲਿਖੇ ਸਨ।
ਸਿੱਕਿਆਂ ਦੀ ਅਗਲੀ ਲੜੀ ਵਿਚ ਡੈਸੀਮਲ ਡੇਅ ਦੀ 50 ਵੀਂ ਵਰ੍ਹੇਗੰਢ ਨੂੰ 50 ਪੈਂਸ ਦੇ ਸਿੱਕੇ ਦੁਆਰਾ ਯਾਦ ਕੀਤਾ ਜਾਵੇਗਾ, ਜਦੋਂ ਬ੍ਰਿਟੇਨ ਦੇ ਆਧੁਨਿਕ ਸਿੱਕੇ ਪਹਿਲੀ ਵਾਰ ਪੇਸ਼ ਕੀਤੇ ਗਏ ਸਨ। ਜਾਰੀ ਹੋਣ ਵਾਲੇ ਇਨ੍ਹਾਂ ਸਾਰੇ ਨਵੇਂ ਸਿਕਿੱਆਂ ਨਾਲ ਵਿਸ਼ੇਸ਼ ਤੌਰ 'ਤੇ ਮਹਾਰਾਣੀ ਐਲਿਜ਼ਾਬੈਥ ਜੋ 21 ਅਪ੍ਰੈਲ ਨੂੰ ਆਪਣੇ 95ਵੇਂ ਜਨਮ ਦਿਨ ਨੂੰ ਮਨਾਉਣ ਵਾਲੀ ਹੈ, ਲਈ ਨਵਾਂ 5 ਪੌਂਡ ਦਾ ਸਿੱਕਾ ਜਾਰੀ ਹੋਵੇਗਾ ਜੋ ਕਿ ਆਮ ਤੌਰ 'ਤੇ ਵਿਸ਼ੇਸ਼ ਸ਼ਾਹੀ ਮੌਕਿਆਂ ਲਈ ਰਾਖਵਾਂ ਹੁੰਦਾ ਹੈ। ਰਾਇਲ ਟਕਸਾਲ ਦੇ ਖਪਤਕਾਰ ਵਿਭਾਗ ਨਾਲ ਸੰਬੰਧਿਤ ਕਲੇਅਰ ਮੈਕਲੇਨਨ ਅਨੁਸਾਰ ਹਰ ਸਾਲ ਰਾਇਲ ਟਕਸਾਲ ਮਹੱਤਵਪੂਰਣ ਪਲਾਂ ਨੂੰ ਮਨਾਉਣ ਲਈ ਯਾਦਗਾਰੀ ਸਿੱਕਿਆਂ ਦੀ ਇਕ ਲੜੀ ਜਾਰੀ ਕਰਦਾ ਹੈ ਜੋ ਬ੍ਰਿਟੇਨ ਦੇ ਇਤਿਹਾਸ ਨੂੰ ਯਾਦਗਾਰੀ ਬਣਾਉਂਦਾ ਹੈ।