ਬ੍ਰਿਟੇਨ ਨੇ ਪਾਕਿਸਤਾਨ ਨੂੰ ਉੱਚ ਜੋਖ਼ਮ ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾਇਆ

Wednesday, Nov 16, 2022 - 12:40 PM (IST)

ਬ੍ਰਿਟੇਨ ਨੇ ਪਾਕਿਸਤਾਨ ਨੂੰ ਉੱਚ ਜੋਖ਼ਮ ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾਇਆ

ਲੰਡਨ (ਭਾਸ਼ਾ)- ਬ੍ਰਿਟੇਨ ਦੀ ਸਰਕਾਰ ਨੇ ਪਾਕਿਸਤਾਨ ਨੂੰ ਉੱਚ ਜੋਖ਼ਮ ਵਾਲੇ ਦੇਸ਼ਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ, ਜਿਸ ਵਿੱਚ ਹੁਣ ਈਰਾਨ, ਮਿਆਂਮਾਰ ਅਤੇ ਸੀਰੀਆ ਸਮੇਤ 26 ਦੇਸ਼ ਰਹਿ ਗਏ ਹਨ। ਯੂਕੇ ਦੀ ਸੰਸਦ ਨੇ ਸੋਮਵਾਰ ਨੂੰ ਸੂਚੀ ਵਿੱਚ ਇੱਕ ਸੋਧ ਕਰਦੇ ਹੋਏ ਨਿਕਾਰਾਗੁਆ ਨੂੰ ਵੀ ਇਸ ਵਿੱਚੋਂ ਹਟਾ ਦਿੱਤਾ। ਇਸ ਸੂਚੀ ਵਿਚ ਉਨ੍ਹਾਂ ਦੇਸ਼ਾਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਨੇ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਕੰਟਰੋਲ ਕਰਨ ਲਈ ਤਸੱਲੀਬਖਸ਼ ਕਦਮ ਨਹੀਂ ਚੁੱਕੇ ਹਨ। ਬ੍ਰਿਟਿਸ਼ ਸਰਕਾਰ ਦੇ 14 ਨਵੰਬਰ ਦੇ ਅਧਿਕਾਰਤ ਕਨੂੰਨ ਵਿੱਚ ਕਿਹਾ ਗਿਆ ਹੈ, "ਨਵੀਂ ਸੂਚੀ ਵਿੱਚ, ਨਿਕਾਰਾਗੁਆ ਅਤੇ ਪਾਕਿਸਤਾਨ ਹੁਣ ਨਹੀਂ ਹਨ।"

ਬ੍ਰਿਟੇਨ ਦੇ ਵਿੱਤ ਵਿਭਾਗ ਨੇ ਮਨੀ ਲਾਂਡਰਿੰਗ ਰੋਕੂ ਕਾਰਵਾਈ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਜ਼ਰਦਾਰੀ ਭੁੱਟੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਦੇ ਡਿਪਲੋਮੈਟਿਕ ਪੱਤਰ ਦੇ ਨਾਲ ਇਹ ਖ਼ਬਰ ਸਾਂਝੀ ਕੀਤੀ। ਪੱਤਰ ਵਿੱਚ ਕਿਹਾ ਗਿਆ ਹੈ, "ਐੱਫ.ਸੀ.ਡੀ.ਓ. ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਕੰਟਰੋਲ ਕਰਨ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਪ੍ਰਗਤੀ ਨੂੰ ਮਾਨਤਾ ਦਿੰਦਾ ਹੈ।"


author

cherry

Content Editor

Related News