ਬ੍ਰਿਟਿਸ਼ ਸੰਸਦ 'ਚ ਪਹਿਲੀ ਵਾਰ ਕਾਰਕੁੰਨਾਂ ਨੇ ਅੱਧ ਨੰਗੇ ਹੋ ਕੇ ਕੀਤਾ ਪ੍ਰਦਰਸਨ

Wednesday, Apr 03, 2019 - 11:52 AM (IST)

ਬ੍ਰਿਟਿਸ਼ ਸੰਸਦ 'ਚ ਪਹਿਲੀ ਵਾਰ ਕਾਰਕੁੰਨਾਂ ਨੇ ਅੱਧ ਨੰਗੇ ਹੋ ਕੇ ਕੀਤਾ ਪ੍ਰਦਰਸਨ

ਲੰਡਨ (ਬਿਊਰੋ)— ਬ੍ਰਿਟੇਨ ਦੀ ਸੰਸਦ ਵਿਚ ਸੋਮਵਾਰ ਨੂੰ ਜਲਵਾਯੂ ਤਬਦੀਲੀ ਕਾਰਕੁੰਨਾਂ ਨੇ ਹਲਚਲ ਪੈਦਾ ਕਰ ਦਿੱਤੀ। ਇੱਥੇ 312 ਸਾਲ ਪੁਰਾਣੀ ਬ੍ਰਿਟੇਨ ਦੀ ਸੰਸਦ ਦੇ ਇਤਿਹਾਸ ਵਿਚ ਪਹਿਲੀ ਵਾਰ ਤਕਰੀਬਨ ਸਾਰੇ ਕੱਪੜੇ ਉਤਾਰ ਕੇ ਕਾਰਕੁੰਨਾਂ ਨੇ ਪ੍ਰਦਰਸ਼ਨ ਕੀਤਾ। ਬ੍ਰੈਗਜ਼ਿਟ ਸਮਝੌਤੇ ਦੀਆਂ ਸ਼ਰਤਾਂ ਵਿਚ ਜਲਵਾਯੂ ਤਬਦੀਲੀ ਦਾ ਮੁੱਦਾ ਸ਼ਾਮਲ ਨਹੀਂ ਸੀ। ਇਸੇ ਗੱਲ ਨਾਲ ਨਾਰਾਜ਼ ਵਾਤਾਵਰਣ ਕਾਰਕੁੰਨਾਂ ਨੇ ਅੱਧ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ। ਸੰਸਦ ਵਿਚ ਮੌਜੂਦ ਜ਼ਿਆਦਾਤਰ ਮੈਂਬਰ ਖੁਦ ਨੂੰ ਗੈਲਰੀ ਵੱਲ ਦੇਖਣ ਤੋਂ ਰੋਕ ਨਹੀਂ ਪਾਏ।

ਐਕਸਟਿਨਸ਼ਨ ਰੇਬੇਲਿਅਨ ਸਮੂਹ ਦੇ 12 ਕਾਰਕੁੰਨਾਂ ਨੇ ਸੰਸਦ ਦੀ ਰੀਪਬਲਿਕ ਗੈਲਰੀ ਵਿਚ 25 ਮਿੰਟ ਤੱਕ ਤਕਰੀਬਨ ਸਾਰੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਗੈਲਰੀ ਵਿਚ ਬਣੀ ਕੱਚ ਦੀ ਕੰਧ ਨਾਲ ਲੱਗ ਕੇ ਖੜ੍ਹੇ ਸਨ। ਇਨ੍ਹਾਂ ਦੀ ਪਿੱਠ ਸੰਸਦ ਮੈਂਬਰਾਂ ਵੱਲ ਸੀ। ਇਨ੍ਹਾਂ ਦੀ ਛਾਤੀ 'ਤੇ 'ਸਭ ਜ਼ਿੰਦਗੀ ਦੇ ਲਈ' ਜਿਹੇ ਨਾਅਰੇ ਲਿਖੇ ਸਨ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਜਨਤਕ ਸਥਲ ਦੀ ਮਾਣ ਉਲੰਘਣਾ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਇੱਥੇ ਦੱਸ ਦਈਏ ਕਿ ਬ੍ਰਿਟੇਨ ਦੀ ਸੰਸਦ ਸਾਲ 1707 ਵਿਚ ਬਣੀ ਸੀ। ਇਹ ਦੁਨੀਆ ਦੇ ਕਈ ਲੋਕਤੰਤਰਾਂ ਲਈ ਉਦਾਹਰਨ ਹੈ। ਇਸ ਲਈ ਇਸ ਨੂੰ 'ਮਦਰ ਆਫ ਪਾਰਲੀਆਮੈਂਟ' ਵੀ ਕਿਹਾ ਜਾਂਦਾ ਹੈ।

ਇਸ ਤੋਂ ਪਹਿਲਾਂ ਵੀ ਸੰਸਦ ਵਿਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋ ਚੁੱਕੇ ਹਨ। ਜੁਲਾਈ 1978 ਵਿਚ ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਡੋਮ ਮਿਨਟਾਫ ਦੀ ਬੇਟੀ ਯਾਨਾ ਨੇ ਸਕਾਟਿਸ਼ ਹੋਮ ਰੂਲ 'ਤੇ ਬਹਿਸ ਦੌਰਾਨ ਗੈਲਰੀ ਤੋਂ ਸਾਂਸਦਾਂ 'ਤੇ ਘੋੜੇ ਦੀ ਲੀਦ ਨਾਲ ਭਰੇ ਬੈਗ ਸੁੱਟੇ ਸਨ। ਇਹ ਬੈਗ ਫਟ ਗਏ ਸਨ ਅਤੇ ਗੰਦਗੀ ਬੈਂਚ ਅਤੇ ਸੰਸਦ ਮੈਂਬਰਾਂ 'ਤੇ ਫੈਲ ਗਈ ਸੀ। ਸਾਲ 2004 ਵਿਚ ਫਾਦਰਸ ਫੌਰ ਜਸਟਿਸ ਦੇ ਕਾਰਕੁੰਨਾਂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ 'ਤੇ ਬੈਂਗਨੀ ਆਟਾ ਸੁੱਟਿਆ ਸੀ। ਪ੍ਰਦਰਸ਼ਨਕਾਰੀ ਤਲਾਕਸ਼ੁਦਾ ਪਿਤਾ ਦੀ ਬੱਚਿਆਂ ਨਾਲ ਮੁਲਾਕਾਤ ਦੇ ਕਾਨੂੰਨ ਨੂੰ ਲਚੀਲਾ ਬਣਾਉਣ ਦੀ ਮੰਗ ਕਰ ਰਹੇ ਸਨ।


author

Vandana

Content Editor

Related News