ਬਰਤਾਨੀਆ ''ਚ ਕਾਲੇ ਮੂਲ ਦੀਆਂ ਜਨਾਨੀਆਂ ਦੀ ਜਣੇਪੇ ਦੌਰਾਨ ਵਧੇਰੇ ਹੋਈ ਮੌਤ

Saturday, Jan 16, 2021 - 01:11 PM (IST)

ਬਰਤਾਨੀਆ ''ਚ ਕਾਲੇ ਮੂਲ ਦੀਆਂ ਜਨਾਨੀਆਂ ਦੀ ਜਣੇਪੇ ਦੌਰਾਨ ਵਧੇਰੇ ਹੋਈ ਮੌਤ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕਾਲੇ ਮੂਲ ਦੀਆਂ ਔਰਤਾਂ ਦੀ ਯੂ. ਕੇ. ਵਿਚ ਗਰਭ ਅਵਸਥਾ ਜਾਂ ਬੱਚੇ ਦੇ ਜਨਮ ਦੌਰਾਨ ਗੋਰੇ ਮੂਲ ਦੀਆਂ ਔਰਤਾਂ ਨਾਲੋਂ ਚਾਰ ਗੁਣਾ ਜ਼ਿਆਦਾ ਮੌਤ ਹੁੰਦੀ ਹੈ। ਮਨੁੱਖੀ ਅਧਿਕਾਰਾਂ ਦੀ ਸੰਯੁਕਤ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਏਸ਼ੀਅਨ ਨਸਲੀ ਪਿਛੋਕੜ ਦੀਆਂ ਔਰਤਾਂ ਨੂੰ ਵੀ ਦੋ ਗੁਣਾ ਜ਼ਿਆਦਾ ਮੌਤ ਦਰ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਸ ਸੰਬੰਧੀ ਸਰਕਾਰ ਨੂੰ ਨਸਲੀ ਸਮੂਹਾਂ ਵਿਚਕਾਰ ਇਸ ਅਸੰਤੁਲਨ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ। ਪਬਲਿਕ ਹੈਲਥ ਸੰਸਥਾ ਦੇ ਪ੍ਰਧਾਨ ਪ੍ਰੋਫੈਸਰ ਮੈਗੀ ਰੇਅ ਅਨੁਸਾਰ ਇਸ ਸਾਲ ਦੀ ਕੋਰੋਨਾ ਵਾਇਰਸ ਮਹਾਮਾਰੀ ਨੇ ਇਸ ਅਸਮਾਨਤਾ ਨੂੰ ਹੋਰ ਵਧਾ ਦਿੱਤਾ ਹੈ। ਇਸ ਮਾਮਲੇ ਸੰਬੰਧੀ ਜਣੇਪੇ ਦੌਰਾਨ ਹੋਈਆਂ ਮੌਤਾਂ ਬਾਰੇ ਸਾਲ 2016 ਤੋਂ 2018 ਦਰਮਿਆਨ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਯੂ. ਕੇ. ਵਿਚ ਤਕਰੀਬਨ 2,235,159 ਵਿਚੋਂ 217 ਔਰਤਾਂ ਦੀ ਗਰਭ ਅਵਸਥਾ ਦੌਰਾਨ ਜਾਂ ਇਸ ਦੇ ਛੇ ਹਫ਼ਤਿਆਂ ਬਾਅਦ ਮੌਤ ਹੋਈ ਹੈ ਜਦਕਿ 349 ਹੋਰ ਔਰਤਾਂ ਬੱਚੇ ਨੂੰ ਜਨਮ ਦੇਣ ਦੇ ਇੱਕ ਸਾਲ ਬਾਅਦ ਮਰ ਗਈਆਂ ਹਨ। 

ਇਸ ਸੰਬੰਧੀ ਸੰਯੁਕਤ ਕਮੇਟੀ ਨੇ ਇਹ ਵੀ ਪਾਇਆ ਕਿ ਯੂ. ਕੇ. ਵਿਚ 60 ਫ਼ੀਸਦੀ ਤੋਂ ਵੱਧ ਕਾਲੇ ਲੋਕ ਚਿੱਟੇ ਲੋਕਾਂ ਦੇ ਮੁਕਾਬਲੇ ਐੱਨ. ਐੱਚ. ਐੱਸ ਦੁਆਰਾ ਉਨ੍ਹਾਂ ਦੀ ਸਿਹਤ ਨੂੰ ਸੁਰੱਖਿਅਤ ਨਹੀਂ ਮੰਨਦੇ ਹਨ। ਇਸ ਰਿਪੋਰਟ ਅਨੁਸਾਰ ਗਰਭ ਅਵਸਥਾ ਦੌਰਾਨ ਜਾਂ ਬਾਅਦ ਵਿਚ ਮੌਤ ਹੋ ਜਾਣ ਲਈ ਬਹੁਤ ਸਾਰੇ ਕਾਰਨ ਜਿਵੇਂ ਕਿ ਮਾਨਸਿਕ ਜਾਂ ਸਰੀਰਕ ਸਿਹਤ ਸਮੱਸਿਆਵਾਂ, ਘਰੇਲੂ ਬਦਸਲੂਕੀ , ਰਿਹਾਇਸ਼ੀ ਸਥਾਨ, ਜ਼ਿਆਦਾ ਭਾਰ ਅਤੇ ਦਿਲ ਦੀ ਬੀਮਾਰੀ ਆਦਿ ਜ਼ਿੰਮੇਵਾਰ ਹਨ। ਨਸਲੀ ਸਮਾਨਤਾ ਟਾਸਕਫੋਰਸ ਦੇ ਪ੍ਰਧਾਨ ਡਾ: ਐਡਵਰਡ ਮੌਰਿਸ ਨੇ ਅਗਲੇ ਪੰਜ ਸਾਲਾਂ ਦੌਰਾਨ ਕਾਲੇ, ਏਸ਼ੀਆਈ ਅਤੇ ਘੱਟ ਗਿਣਤੀ ਸਮੂਹਾਂ ਦੀਆਂ ਔਰਤਾਂ ਲਈ ਜਣੇਪੇ ਦੀ ਮੌਤ ਦਰ ਵਿਚ 50 ਫ਼ੀਸਦੀ ਦੀ ਕਟੌਤੀ ਕਰਨ ਦਾ ਟੀਚਾ ਨਿਰਧਾਰਿਤ ਲਈ ਸਰਕਾਰ ਨੂੰ ਅਪੀਲ ਕੀਤੀ ਹੈ।


author

Lalita Mam

Content Editor

Related News