ਯੂਕੇ ਪੁਲਸ ਨੇ ਤਾਲਾਬੰਦੀ ਨਿਯਮ ਤੋੜਨ 'ਤੇ ਕਰੀਬ 45 ਹਜ਼ਾਰ ਵਿਅਕਤੀਆਂ ਨੂੰ ਜਾਰੀ ਕੀਤੇ ਨੋਟਿਸ
Wednesday, Jan 13, 2021 - 01:26 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੇਸ਼ ਭਰ ਵਿੱਚ ਲਾਗੂ ਕੀਤੀ ਹੋਈ ਤਾਲਾਬੰਦੀ ਦੇ ਬਾਵਜੂਦ ਕਈ ਲਾਪ੍ਰਵਾਹ ਲੋਕ ਨਿਯਮਾਂ ਨੂੰ ਤੋੜ ਕੇ ਵਾਇਰਸ ਦੇ ਫੈਲਣ ਲਈ ਬਲਦੀ ਅੱਗ ਵਿੱਚ ਤੇਲ ਪਾਉਂਦੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਮਤਲਬ ਕੋਵਿਡ ਨਿਯਮ ਤੋੜਨ ਵਾਲਿਆਂ ਨੂੰ ਦੇਸ਼ ਭਰ ਵਿੱਚ ਪੁਲਸ ਵੱਲੋਂ ਲੱਗਭਗ 45,000 ਵਿਅਕਤੀਆਂ ਨੂੰ ਜੁਰਮਾਨੇ ਦੇ ਨੋਟਿਸ ਦਿੱਤੇ ਗਏ ਹਨ। ਇਸ ਦੇ ਇਲਾਵਾ ਪੁਲਸ ਨੇ ਲਾਗ ਦੀਆਂ ਦਰਾਂ ਨਾਲ ਨਜਿੱਠਣ ਲਈ ਗਸ਼ਤ ਵਧਾਉਣ ਦੀ ਚਿਤਾਵਨੀ ਵੀ ਦਿੱਤੀ ਹੈ।
ਇਸ ਸੰਬੰਧੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਅਤੇ ਦੇਸ਼ ਦੀ ਸਿਹਤ ਨੂੰ ਖਤਰੇ ਵਿੱਚ ਪਾ ਰਹੇ ਲੋਕਾਂ ਨੂੰ ਸਖਤ ਚਿਤਾਵਨੀ ਜਾਰੀ ਕਰਦਿਆਂ ਅਧਿਕਾਰੀਆਂ ਦੁਆਰਾ ਤੇਜ਼ੀ ਨਾਲ ਜੁਰਮਾਨੇ ਜਾਰੀ ਕਰਨ ਦੀ ਗੱਲ ਕਹੀ ਹੈ। ਨੈਸ਼ਨਲ ਪੁਲਸ ਚੀਫ਼ਜ਼ ਕੌਂਸਲ (ਐਨ ਪੀ ਸੀ ਸੀ) ਦੇ ਚੇਅਰਮੈਨ ਮਾਰਟਿਨ ਹੇਵਿਟ ਅਨੁਸਾਰ ਉਹਨਾਂ ਨੂੰ ਵੱਡੇ ਪੱਧਰ 'ਤੇ ਜੁਰਮਾਨੇ ਜਾਰੀ ਕਰਨ ਦਾ ਕੋਈ ਖੇਦ ਨਹੀ ਹੈ ਜੋ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹਮਲੇ ਦੇ 3 ਦੋਸ਼ੀਆਂ ਨੂੰ ਸਜ਼ਾ
ਮਾਰਟਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੁਰਮਾਨੇ ਦੇਸ਼ ਭਰ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਲੋਕਾਂ ਨੂੰ ਕੀਤੇ ਗਏ ਹਨ ਜਿਨ੍ਹਾਂ ਵਿੱਚ ਹਰਟਫੋਰਡਸ਼ਾਇਰ ਵਿੱਚ ਇੱਕ ਕਿਸ਼ਤੀ ਵਿਚ ਕੀਤੀ ਪਾਰਟੀ ਦੇ ਨਾਲ ਸਰੀ ਵਿੱਚ ਇੱਕ ਪਾਰਟੀ ਪ੍ਰਬੰਧਕ ਨੂੰ 10,000 ਪੌਂਡ ਦਾ ਵੀ ਜੁਰਮਾਨਾ ਕੀਤਾ ਗਿਆ, ਜਦਕਿ ਪੁਲਸ ਦੁਆਰਾ ਸੋਸ਼ਲ ਮੀਡੀਆ ਉੱਤੇ ਪਾਈ ਗਈ ਇੱਕ ਗੈਰਕਾਨੂੰਨੀ ਰੇਵ ਦਾ ਇਸ਼ਤਿਹਾਰ ਮਿਲਣ 'ਤੇ ਵੀ 38 ਹੋਰ ਲੋਕਾਂ ਨੂੰ ਜੁਰਮਾਨਾ ਕੀਤਾ ਗਿਆ। ਇਹਨਾਂ ਦੇ ਇਲਾਵਾ ਹੋਰ ਵੀ ਸੈਂਕੜੇ ਲੋਕਾਂ ਨੂੰ ਵਾਇਰਸ ਨਾਲ ਨਜਿੱਠਣ ਦੇ ਮੰਤਵ ਨਾਲ ਤਾਲਾਬੰਦੀ ਨੂੰ ਸਫਲ ਕਰਨ ਲਈ ਜੁਰਮਾਨੇ ਕੀਤੇ ਜਾਣ ਦੇ ਨਾਲ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਨੋਟ- ਯੂਕੇ ਪੁਲਸ ਨੇ ਤਾਲਾਬੰਦੀ ਨਿਯਮ ਤੋੜਨ 'ਤੇ ਕੀਤੇ ਲਗਭਗ 45,000 ਜੁਰਮਾਨੇ, ਖ਼ਬਰ ਬਾਰੇ ਦੱਸੋ ਆਪਣੀ ਰਾਏ।