ਲਾਕਡਾਊਨ ''ਚ ਆਨਲਾਈਨ ਭੰਗੜਾ ਕਲਾਸ ਚਲਾਉਣ ਵਾਲੇ ਭਾਰਤੀ ਨੂੰ ਬ੍ਰਿਟਿਸ਼ PM ਨੇ ਕੀਤਾ ਸਨਮਾਨਿਤ
Sunday, Aug 02, 2020 - 01:19 AM (IST)

ਲੰਡਨ: ਭਾਰਤੀ ਮੂਲ ਦੇ ਇਕ ਡਾਂਸਰ ਨੇ ਕੋਰੋਨਾ ਵਾਇਰਸ ਦੇ ਕਾਰਣ ਲਾਗੂ ਲਾਕਡਾਊਨ ਦੌਰਾਨ ਆਪਣੀਆਂ ਡਾਂਸ ਕਲਾਸਾਂ ਨੂੰ ਭੰਗੜਾ-ਕਸਰਤ ਦੀਆਂ ਆਨਲਾਈਨ ਕਲਾਸਾਂ ਵਿਚ ਬਦਲ ਦਿੱਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਨ੍ਹਾਂ ਨੂੰ ਪੁਆਇੰਟਸ ਆਫ ਲਾਈਟ ਸਨਮਾਨ ਦਿੱਤਾ ਹੈ। ਰਾਜੀਵ ਗੁਪਤਾ ਨੇ ਲੋਕਾਂ ਨੂੰ ਸਿਹਤਮੰਦ ਰੱਖਣ ਦੇ ਟੀਚੇ ਨਾਲ ਲਾਕਡਾਊਨ ਦੌਰਾਨ ਮੁਫਤ ਵਿਚ ਆਨਲਾਈਨ ਭੰਗੜਾ-ਕਸਰਤ ਕਲਾਸਾਂ ਸੰਚਾਲਿਤ ਕੀਤੀਆਂ।
ਗੁਪਤਾ ਦਾ ਮੰਨਣਾ ਹੈ ਕਿ ਤੇਜ਼ ਰਫਤਾਰ ਤੇ ਉੱਚੀ ਬੀਟ ਵਾਲੇ ਰਸਮੀ ਭਾਰਤੀ ਨਾਚ ਭੰਗੜਾ ਕਰਨ ਨਾਲ ਕਸਰਤ ਵੀ ਹੋ ਜਾਂਦੀ ਹੈ। ਉਨ੍ਹਾਂ ਨੇ ਇਸੇ ਭਾਵਨਾ ਨਾਲ ਸੋਸ਼ਲ ਮੀਡੀਆ ਮੰਚਾਂ 'ਤੇ ਭੰਗੜਾ-ਕਸਰਤ ਦੀਆਂ ਕਲਾਸਾਂ ਚਲਾਉਣੀਆਂ ਸ਼ੁਰੂ ਕੀਤੀਆਂ। ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪਿਛਲੇ ਹਫਤੇ ਪੁਆਇੰਟ ਆਫ ਲਾਈਟ ਸਨਮਾਨ ਨਾਲ ਨਵਾਜਿਆ ਗਿਆ। ਸਮਾਜ ਵਿਚ ਬਦਲਾਅ ਲਿਆਉਣ ਵਾਲੇ ਲੋਕਾਂ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਲੋਂ ਇਹ ਸਨਮਾਨ ਦਿੱਤਾ ਜਾਂਦਾ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਗੁਪਤਾ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਵਿਚ ਹਿੱਸਾ ਲੈਣ ਵਾਲਿਆਂ ਵਿਚ ਊਰਜਾ ਦਾ ਸੰਚਾਰ ਹੋਇਆ ਹੈ। ਕੋਰੋਨਾ ਵਾਇਰਸ ਨਾਲ ਸਾਡੀ ਜੰਗ ਦੇ ਦੌਰਾਨ ਘਰ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਦਾ ਉਤਸ਼ਾਹ ਵਧਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਇਸ ਔਖੀ ਘੜੀ ਵਿਚ ਬਹੁਤ ਲੋਕਾਂ ਦੇ ਲਈ ਪੁਆਇੰਟ ਆਫ ਲਾਈਟ ਸਾਬਿਤ ਹੋਏ ਹੋ।
ਪ੍ਰਧਾਨ ਮੰਤਰੀ ਜਾਨਸਨ ਇਸ ਤੋਂ ਪਹਿਲਾਂ ਭੰਗੜਾ ਤੇ ਭਾਰਤ ਵਿਚ ਵਿਆਹ ਸਮਾਗਮਾਂ ਵਿਚ ਕੀਤੇ ਜਾਣ ਵਾਲੇ ਭਾਰਤੀ ਨਾਚ ਦੇ ਪ੍ਰਤੀ ਆਪਣਾ ਪਿਆਰ ਜਤਾ ਚੁੱਕੇ ਹਨ। ਉਨ੍ਹਾਂ ਦੀ ਸਾਬਕਾ ਪਤਨੀ ਮਰੀਨਾ ਵ੍ਹੀਲਰ ਦੀ ਮਾਂ ਦੀਪ ਕੌਰ ਦਾ ਸਬੰਧ ਪੰਜਾਬ ਨਾਲ ਸੀ। ਗੁਪਤਾ ਨੇ ਕਿਹਾ ਕਿ ਲਾਕਡਾਊਨ ਦੌਰਾਨ ਆਪਣੀਆਂ ਭੰਗੜਾ-ਕਸਰਤ ਦੀਆਂ ਕਲਾਸਾਂ ਨਾਲ ਲੋਕਾਂ ਦੀ ਸਹਾਇਤਾ ਕਰਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਸਨਮਾਨ ਦੇ ਲਈ ਮੈਂ ਸੱਚੀ ਬਹੁਤ ਧੰਨਵਾਦੀ ਹਾਂ। ਇਸ ਦਾ ਇੰਨਾਂ ਅਸਰ ਪਵੇਗਾ, ਇਹ ਮੈਂ ਨਹੀਂ ਸੋਚਿਆ ਸੀ।