20 ਮਿੰਟ ਦੀ ਬ੍ਰੇਕ ਲੈਣ ਕਾਰਨ ਸ਼ਖਸ ਦੀ ਗਈ ਨੌਕਰੀ, ਜਾਣੋ ਪੂਰਾ ਮਾਮਲਾ

Thursday, Jul 19, 2018 - 01:15 PM (IST)

20 ਮਿੰਟ ਦੀ ਬ੍ਰੇਕ ਲੈਣ ਕਾਰਨ ਸ਼ਖਸ ਦੀ ਗਈ ਨੌਕਰੀ, ਜਾਣੋ ਪੂਰਾ ਮਾਮਲਾ

ਲੰਡਨ (ਬਿਊਰੋ)— ਬ੍ਰਿਟੇਨ ਵਿਚ ਡਿਊਟੀ ਤੋਂ ਸਿਰਫ 20 ਮਿੰਟ ਦੀ ਬ੍ਰੇਕ ਲੈਣ 'ਤੇ ਰੇਲਵੇ ਵਿਭਾਗ ਨੇ ਆਪਣੇ ਕਰਮਚਾਰੀ ਪੀਟਰ ਲੀ ਦੀ ਨੌਕਰੀ ਖੋਹ ਲਈ। ਉਹ 44 ਸਾਲ ਤੋਂ ਰੇਲਵੇ ਵਿਚ ਨੌਕਰੀ ਕਰ ਰਹੇ ਸਨ ਅਤੇ ਫਿਲਹਾਲ ਜਨਵਰੀ ਤੋਂ ਵੈਸਟ ਸਸੈਕਸ ਦੇ ਅਰੁੰਡਲ ਸਟੇਸ਼ਨ 'ਤੇ ਸਿਗਨਲਮੈਨ ਸਨ। ਰੇਲਵੇ ਵਿਭਾਗ ਦਾ ਦੋਸ਼ ਹੈ ਕਿ ਪੀਟਰ ਉਸ ਸਮੇਂ ਸਿਗਨਲ ਬਾਕਸ ਬੰਦ ਕਰ ਕੇ ਚਲੇ ਗਏ, ਜਦੋਂ ਜਾਮ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਲਿਟਲ ਹੈਮਪਟਨ ਵਿਚ ਰਹਿਣ ਵਾਲੇ 60 ਸਾਲਾ ਪੀਟਰ ਦਾ ਕਹਿਣਾ ਹੈ ਕਿ ਉਸ ਨੇ 6 ਘੰਟੇ ਤੋਂ ਜ਼ਿਆਦਾ ਦੀ ਸ਼ਿਫਟ ਕਰਨੀ ਸੀ, ਇਸ ਲਈ ਨਿਯਮ ਮੁਤਾਬਕ ਉਹ ਬ੍ਰੇਕ ਦੇ ਹੱਕਦਾਰ ਸਨ ਪਰ ਉਸ 'ਤੇ ਗਲਤ ਦੋਸ਼ ਲਗਾਇਆ ਗਿਆ ਹੈ। ਹੁਣ ਪੀਟਰ ਨੂੰ ਉਸ ਦੀ ਨੌਕਰੀ ਵਾਪਸ ਦਿਵਾਉਣ ਲਈ ਰੇਲਵੇ ਯੂਨੀਅਨ ਨੇ ਹੜਤਾਲ ਕਰ ਦਿੱਤੀ ਹੈ।

PunjabKesari
ਖੁਦ ਹੀ ਲੜੀ ਸੀ ਡਿਊਟੀ ਦੌਰਾਨ ਬ੍ਰੇਕ ਦੇਣ ਦੀ ਲੜਾਈ
ਪੀਟਰ ਨੇ ਦੱਸਿਆ ਕਿ ਡਿਊਟੀ ਦੌਰਾਨ ਬ੍ਰੇਕ ਦੇਣ ਸੰਬੰਧੀ ਮੁੱਦੇ 'ਤੇ ਉਹ ਬੀਤੇ 8 ਸਾਲ ਤੋਂ ਕਾਨੂੰਨੀ ਲੜਾਈ ਲੜ ਰਹੇ ਸਨ। ਸਾਲ 2015 ਵਿਚ ਉਹ ਮੁਕੱਦਮਾ ਜਿੱਤ ਗਏ। 8 ਜਨਵਰੀ ਨੂੰ ਉਹ ਡਿਊਟੀ 'ਤੇ ਪਹੁੰਚੇ ਤਾਂ ਰੋਸਟਰ ਬਦਲ ਦਿੱਤਾ ਗਿਆ। ਇਸ ਸਥਿਤੀ ਵਿਚ ਉਸ ਦੇ ਬ੍ਰੇਕ ਲੈਣ ਸਮੇਂ ਕੋਈ ਦੂਜਾ ਕਰਮਚਾਰੀ ਮੌਜੂਦ ਨਹੀਂ ਸੀ। ਉਸ ਨੇ ਆਪਣੇ ਲਾਈਨ ਮੈਨੇਜਰ ਨੂੰ ਬ੍ਰੇਕ ਲੈਣ ਦੀ ਜਾਣਕਾਰੀ ਦਿੱਤੀ। ਨਾਲ ਹੀ ਮੌਕੇ 'ਤੇ ਮੌਜੂਦ ਤਿੰਨ ਹੋਰ ਕਰਮਚਾਰੀਆਂ ਨੂੰ ਸਿਗਨਲ ਦਾ ਧਿਆਨ ਰੱਖਣ ਲਈ ਕਿਹਾ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਅਜਿਹੇ ਵਿਚ ਪੀਟਰ 3 ਦਿਨ ਤੱਕ ਲਗਾਤਾਰ 6 ਘੰਟੇ ਤੋਂ ਜ਼ਿਆਦਾ ਸਮਾਂ ਡਿਊਟੀ ਕਰਦੇ ਰਹੇ। 11 ਜਨਵਰੀ ਨੂੰ ਬ੍ਰੇਕ ਲੈਣ ਲਈ ਉਹ ਸਿਗਨਲ ਬਾਕਸ ਬੰਦ ਕਰਨ ਲੱਗੇ ਤਾਂ ਦੋ ਮੈਨੇਜਰ ਸਟੇਸ਼ਨ 'ਤੇ ਆਏ ਅਤੇ ਉਸ ਨੂੰ ਘਰ ਜਾਣ ਲਈ ਕਹਿ ਦਿੱਤਾ।
ਪ੍ਰਸ਼ਾਸਨ ਦਾ ਰਵੱਈਆ ਪਿਆ ਨਰਮ

PunjabKesariਪੀਟਰ ਨੂੰ ਪਹਿਲਾਂ 18 ਮਈ ਤੱਕ ਮੁਅੱਤਲ ਕੀਤਾ ਗਿਆ ਸੀ। ਬਾਅਦ ਵਿਚ ਖਰਾਬ ਵਿਵਹਾਰ ਕਰਨ ਦਾ ਦੋਸ਼ ਲਗਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਨੈਸ਼ਨਲ ਰੇਲਵੇ ਯੂਨੀਅਨ ਆਰ.ਐੱਮ.ਟੀ. ਦੀ ਸਸੈਕਸ ਕੋਸਟ ਬ੍ਰਾਂਚ ਦੇ ਸਕੱਤਰ ਕ੍ਰਿਸ ਰੋਡਵੇ ਦਾ ਕਹਿਣਾ ਹੈ ਕਿ ਇਹ ਘਟਨਾ ਵਿਹਾਰਕ ਰੂਪ ਵਿਚ ਵਿਰੋਧਾਭਾਸੀ ਹੈ। ਇਸ 'ਤੇ ਗੱਲਬਾਤ ਕੀਤੀ ਜਾ ਰਹੀ ਹੈ। 6 ਘੰਟੇ ਤੋਂ ਜ਼ਿਆਦਾ ਸਮੇਂ ਦੀ ਡਿਊਟੀ ਕਰਨ ਦੌਰਾਨ ਉਹ ਬ੍ਰੇਕ ਲੈਣ ਦਾ ਹੱਕਦਾਰ ਹੈ। ਘਟਨਾ ਵਾਲੇ ਦਿਨ ਮੈਨੇਜਰ ਸਿਗਨਲ ਦੀ ਜ਼ਿੰਮੇਵਾਰ ਲੈਣ ਵਿਚ ਸਮਰੱਥ ਸੀ। ਇਸ ਦੇ ਬਾਵਜੂਦ ਪੀਟਰ ਨਾਲ ਸਖਤ ਵਿਵਹਾਰ ਕਿਉਂ ਕੀਤਾ ਗਿਆ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੀਟਰ ਨੂੰ ਨੌਕਰੀ 'ਤੇ ਬਹਾਲ ਕਰਨ ਦੇ ਮੁੱਦੇ 'ਤੇ ਰੇਲਵੇ ਯੂਨੀਅਨ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੀਟਰ ਦੀ ਪਟੀਸ਼ਨ 'ਤੇ ਹੁਣ ਤੱਕ 6300 ਤੋਂ ਜ਼ਿਆਦਾ ਲੋਕ ਦਸਤਖਤ ਕਰ ਚੁੱਕੇ ਹਨ।


Related News