ਡੀ. ਐੱਚ. ਐੱਲ. ਨੇ ਲਾਈ ਸੜਕ ਰਾਹੀਂ ਯੂ. ਕੇ. ਜਾਣ ਵਾਲੇ ਪਾਰਸਲਾਂ ''ਤੇ ਪਾਬੰਦੀ
Tuesday, Dec 22, 2020 - 02:10 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੀਅਰ ਕੰਪਨੀ ਡੀ. ਐੱਚ. ਐੱਲ. ਨੇ ਕ੍ਰਿਸਮਸ ਤੋਂ ਕੁੱਝ ਦਿਨ ਪਹਿਲਾਂ ਯੂ. ਕੇ. ਨੂੰ ਸੜਕ ਰਾਹੀਂ ਪਾਰਸਲ ਪਹੁੰਚਾਉਣ ਦੀਆਂ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਜ਼ੋਖ਼ਮ ਕਾਰਨ ਯਾਤਰਾ ਸੰਬੰਧੀ ਲੱਗੀਆਂ ਪਾਬੰਦੀਆਂ ਵਿਚਕਾਰ ਡੀ. ਐੱਚ. ਐੱਲ. ਨੇ ਯੂ. ਕੇ. ਨੂੰ ਦਿੱਤੇ ਸਾਰੇ ਪੈਕੇਜਾਂ ਦੀ ਸਪੁਰਦਗੀ ਰੋਕ ਦਿੱਤੀ ਹੈ।
ਇਸ ਪਾਬੰਦੀ ਸਬੰਧੀ ਕੰਪਨੀ ਦੇ ਇਕ ਬਿਆਨ ਅਨੁਸਾਰ ਬ੍ਰਿਟੇਨ ਅਤੇ ਆਇਰਲੈਂਡ ਨੂੰ ਜਾਣ ਵਾਲੇ ਪਾਰਸਲਾਂ ਨੂੰ ਅਗਲੇ ਨੋਟਿਸ ਤੱਕ ਲਾਗੂ ਕੀਤਾ ਗਿਆ ਹੈ ਜਦਕਿ ਇਸ ਦੌਰਾਨ ਚਿੱਠੀ ਅਤੇ ਪੋਸਟ ਕਾਰਡ ਆਦਿ ਅਜੇ ਵੀ ਸਪੁਰਦ ਕੀਤੇ ਜਾਣਗੇ ਅਤੇ ਕੰਪਨੀ ਦੀ ਏਅਰ ਐਕਸਪ੍ਰੈੱਸ ਸੇਵਾ ਦੁਆਰਾ ਭੇਜੇ ਗਏ ਪਾਰਸਲ ਪ੍ਰਭਾਵਿਤ ਨਹੀਂ ਹੋਣਗੇ। ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਬਦਲ ਦੀ ਆਮਦ ਨਾਲ 30 ਤੋਂ ਵੱਧ ਦੇਸ਼ਾਂ ਨੇ ਯੂ. ਕੇ. ਤੋਂ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸਰਹੱਦਾਂ ਦੇ ਬੰਦ ਹੋਣ ਕਾਰਨ ਕੈਂਟ ਵਿਚ ਵਾਹਨਾਂ ਦੀ ਭਾਰੀ ਗਿਣਤੀ ਜਮ੍ਹਾਂ ਹੋ ਗਈ ਹੈ। ਇਸ ਨਵੀਂ ਪੈਦਾ ਹੋਈ ਸਥਿਤੀ ਕਾਰਨ ਯੂ. ਕੇ. ਇਸ ਸਮੇਂ ਡਾਕ, ਕੋਰੀਅਰ ਆਦਿ ਸਮੇਤ ਕਈ ਹੋਰ ਸੇਵਾਵਾਂ ਵਿਚ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।