ਯੂਕੇ: ਨਕਲੀ ਕੈਂਸਰ ਦਾ ਬਹਾਨਾ ਕਰਕੇ 45,000 ਪੌਂਡ ਇਕੱਠੇ ਕਰਨ ਵਾਲੀ ਬੀਬੀ ਨੂੰ ਜੇਲ੍ਹ
Thursday, Feb 11, 2021 - 04:24 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੱਕ ਬੀਬੀ ਨੇ ਆਪਣੇ ਆਪ ਨੂੰ ਕੈਂਸਰ ਦੀ ਮਰੀਜ਼ ਦੱਸ ਕੇ ਇੱਕ ਆਨਲਾਈਨ ਫੰਡ ਇਕੱਠੇ ਕਰਨ ਵਾਲੇ ਪੇਜ਼ ਦੇ ਜਰੀਏ 45,000 ਪੌਂਡ ਤੋਂ ਵੱਧ ਦੀ ਰਾਸ਼ੀ ਦਾਨੀਆਂ ਕੋਲੋਂ ਹਥਿਆਈ ਹੈ। ਨਿਕੋਲ ਐਲਕਬਾਬਸ ਨਾਮ ਦੀ ਇਸ ਬੀਬੀ ਨੇ "ਗੋ ਫੰਡ ਮੀ" ਪੇਜ 'ਤੇ ਆਪਣੀ ਇੱਕ ਹਸਪਤਾਲ ਦੇ ਬਿਸਤਰੇ 'ਤੇ ਪਈ ਦੀ ਤਸਵੀਰ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਗੁੰਮਰਾਹ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਟਵਿੱਟਰ 'ਤੇ ਟਰੰਪ ਦੀ ਕਿਸੇ ਵੀ ਹਾਲਤ 'ਚ ਨਹੀਂ ਹੋਵੇਗੀ ਵਾਪਸੀ : ਨੇਡ ਸੇਗਲ
ਇਸ ਬੀਬੀ ਨੇ ਦਾਨ ਵਿੱਚ ਇਕੱਠੇ ਹੋਏ ਪੈਸੇ ਨੂੰ ਬਾਰਸੀਲੋਨਾ ਅਤੇ ਰੋਮ ਦੀਆਂ ਯਾਤਰਾਵਾਂ, ਜੂਆ ਖੇਡਣ ਅਤੇ ਟੋਟੇਨੈਮ ਹੌਟਸਪੁਰ ਫੁੱਟਬਾਲ ਕਲੱਬ ਰਾਹੀਂ ਉਡਾਇਆ। ਵਕੀਲਾਂ ਅਨੁਸਾਰ ਨਿਕੋਲ ਨੇ ਆਪਣੀ ਯੋਜਨਾ ਦੇ ਦੌਰਾਨ ਕੈਂਸਰ ਦੀ ਜਾਂਚ, ਸਰਜਰੀ ਅਤੇ ਕੀਮੋਥੈਰੇਪੀ ਆਦਿ ਦੇ ਇਲਾਜ ਬਾਰੇ ਝੂਠ ਬੋਲਿਆ। ਬ੍ਰਾਂਡਸਟੇਅਰਜ਼, ਕੈਂਟ ਨਾਲ ਸੰਬੰਧਿਤ ਇਸ 42 ਸਾਲਾ ਬੀਬੀ ਨੂੰ ਪਿਛਲੇ ਸਾਲ ਨਵੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹੁਣ ਬੁੱਧਵਾਰ ਦੇ ਦਿਨ ਕੈਂਟਰਬਰੀ ਕ੍ਰਾਊਨ ਕੋਰਟ ਵਿੱਚ ਪੇਸ਼ੀ ਦੌਰਾਨ ਉਸ ਨੂੰ ਦੋ ਸਾਲ ਅਤੇ ਨੌਂ ਮਹੀਨਿਆਂ ਦੀ ਕੈਦ ਦੀ ਸਜ਼ਾ ਹੋਈ ਹੈ। ਨਿਕੋਲ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਆਨਲਾਈਨ ਪੇਜ ਦੁਆਰਾ 600 ਤੋਂ ਵੱਧ ਲੋਕਾਂ ਦੇ ਚੰਦੇ ਨਾਲ 45,000 ਪੌਂਡ ਤੋਂ ਵੱਧ ਦੀ ਕਮਾਈ ਕੀਤੀ।