ਯੂਕੇ 'ਚ 2030 ਤੋਂ ਨਵੀਆਂ ਪੈਟਰੋਲ ਅਤੇ ਡੀਜ਼ਲ ਕਾਰਾਂ 'ਤੇ ਲੱਗੇਗੀ ਪਾਬੰਦੀ
Wednesday, Nov 18, 2020 - 03:47 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਮਨੁੱਖ ਦੀਆਂ ਗੈਰ ਜ਼ਰੂਰੀ ਗਤੀਵਿਧੀਆਂ ਕਾਰਨ ਪੂਰੇ ਸੰਸਾਰ ਦੇ ਵਾਤਾਵਰਣ ਵਿੱਚ ਨਿਘਾਰ ਹੋ ਰਿਹਾ ਹੈ। ਬ੍ਰਿਟੇਨ ਵਿੱਚ ਵੀ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਬੋਰਿਸ ਜਾਨਸਨ ਮੁਤਾਬਕ, 2030 ਤੋਂ ਬ੍ਰਿਟੇਨ ਵਿਚ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਨਵੀਆਂ ਕਾਰਾਂ ਅਤੇ ਵੈਨਾਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਅਤੇ ਪ੍ਰਮਾਣੂ ਉਦਯੋਗਾਂ ਵਿਚ ਨੌਕਰੀਆਂ ਪੈਦਾ ਦੀ ਯੋਜਨਾ ਨੂੰ “ਹਰੀ ਸਨਅਤੀ ਕ੍ਰਾਂਤੀ” ਕਿਹਾ ਹੈ। ਜਦਕਿ ਕੁੱਝ ਆਲੋਚਕਾਂ ਨੇ ਇਸ ਲਈ ਨਿਰਧਾਰਤ 4 ਬਿਲੀਅਨ ਦੀ ਰਾਸ਼ੀ ਨੂੰ ਬਹੁਤ ਘੱਟ ਦੱਸਿਆ ਹੈ। ਇਸ ਪੈਕੇਜ ਵਿੱਚ ਘੋਸ਼ਿਤ ਕੀਤੀ ਗਈ ਰਕਮ, ਹਾਈ ਸਪੀਡ ਰੇਲ, ਐਚ ਐਸ 2 ਲਈ 100 ਬਿਲੀਅਨ ਪੌਂਡ ਦੇ ਮੁਕਾਬਲੇ 25ਵਾਂ ਹਿੱਸਾ ਹੈ।
ਇਸ ਯੋਜਨਾ ਵਿੱਚ ਸਾਈਜ਼ਵੈਲ ਦੇ ਇੱਕ ਵੱਡੇ ਪਰਮਾਣੂ ਪਲਾਂਟ ਸੁਫੋਲਕ ਦੀ ਵਿਵਸਥਾ ਵੀ ਸ਼ਾਮਿਲ ਹੈ ਅਤੇ ਇਸ ਨਾਲ ਰੋਲਸ ਰਾਇਸ ਅਤੇ ਹੋਰ ਫਰਮਾਂ ਵਿੱਚ ਲਗਭੱਗ 10,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਵੀ ਉਮੀਦ ਹੈ ਕਿ ਸਮੁੱਚੇ ਰੂਪ ਵਿੱਚ 250,000 ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਖ਼ਾਸਕਰ ਇੰਗਲੈਂਡ ਦੇ ਉੱਤਰ ਅਤੇ ਵੇਲਜ਼ ਵਿੱਚ, ਸਮੁੰਦਰੀ ਕੰਢਿਆਂ ਵਿੱਚ 60,000 ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਯੋਜਨਾ ਦਾ ਇਕ ਹੋਰ ਮਹੱਤਵਪੂਰਣ ਪੜਾਅ ਇਲੈਕਟ੍ਰਿਕ ਵਾਹਨ (ਈ.ਵੀ.) ਚਾਰਜਿੰਗ ਪੁਆਇੰਟਸ ਵਿੱਚ 1.3 ਬਿਲੀਅਨ ਪੌਂਡ ਦਾ ਨਿਵੇਸ਼ ਹੈ। ਈ ਵੀ ਖਰੀਦਦਾਰਾਂ ਲਈ ਗ੍ਰਾਂਟਾਂ 582 ਮਿਲੀਅਨ ਪੌਂਡ ਤੱਕ ਵਧਣਗੀਆਂ ਤਾਂ ਜੋ ਲੋਕਾਂ ਨੂੰ ਤਬਦੀਲੀ ਕਰਨ ਵਿਚ ਸਹਾਇਤਾ ਮਿਲ ਸਕੇ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਕੋਵਿਡ-19 ਟੀਕੇ ਦੀ ਖਰੀਦ ਲਈ 10 ਕਰੋੜ ਡਾਲਰ ਦਾ ਫੰਡ ਕੀਤਾ ਜਾਰੀ
ਇਸ ਸੰਬੰਧੀ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਯੋਜਨਾਵਾਂ ਦਾ ਉਦੇਸ਼ ਇੱਕੋ ਸਮੇਂ ਨੌਕਰੀਆਂ ਪੈਦਾ ਕਰਨਾ ਅਤੇ ਜਲਵਾਯੂ ਤਬਦੀਲੀ ਨੂੰ ਹੱਲ ਕਰਨਾ ਹੈ ਅਤੇ ਅਗਲੇ ਸਾਲ ਉਹ ਗਲਾਸਗੋ ਵਿਖੇ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਜਿਸ ਨੂੰ ਸੀ.ਓ.ਪੀ. ਕਿਹਾ ਜਾਂਦਾ ਹੈ ਦੀ ਮੇਜ਼ਬਾਨੀ ਵੀ ਕਰਨਗੇ।