UK : ਕਾਰੋਬਾਰੀਆਂ ਅਤੇ ਕਾਮਿਆਂ ਲਈ ਨਵੀਂ ਜੌਬ ਸਪੋਰਟ ਸਕੀਮ

Sunday, Oct 11, 2020 - 06:02 PM (IST)

UK : ਕਾਰੋਬਾਰੀਆਂ ਅਤੇ ਕਾਮਿਆਂ ਲਈ ਨਵੀਂ ਜੌਬ ਸਪੋਰਟ ਸਕੀਮ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਸਰਕਾਰ ਵੱਲੋਂ ਕਾਰੋਬਾਰੀਆਂ ਅਤੇ ਕਾਮਿਆਂ ਦੀ ਭਲਾਈ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹੀ ਯੋਜਨਾਵਾਂ ਵਿਚ ਇਕ ਫਰਲੋ ਸਕੀਮ ਜੋ ਕਿ ਦੇਸ਼ ਭਰ ਵਿਚ ਪੇਸ਼ ਕੀਤੀ ਗਈ ਸੀ, ਹੁਣ ਅਕਤੂਬਰ ਦੇ ਅਖੀਰ ਵਿਚ ਖਤਮ ਹੋਣ ਵਾਲੀ ਹੈ। ਜਿਸ ਦੀ ਜਗ੍ਹਾ ਇਕ ਜੌਬ ਸਪੋਰਟ ਸਕੀਮ ਪੇਸ਼ ਕੀਤੀ ਜਾਏਗੀ। 

ਨਵੀਂ ਜੌਬ ਸਪੋਰਟ ਸਕੀਮ ਤਹਿਤ ਕਾਰੋਬਾਰੀ ਆਪਣੇ ਕਰਮਚਾਰੀਆਂ ਨੂੰ ਘੱਟ ਕੰਮ ਦੇ ਘੰਟਿਆਂ 'ਤੇ ਰੱਖ ਸਕਦੇ ਹਨ ਅਤੇ ਇਹ ਤਰੀਕਾ ਨਵੰਬਰ ਤੋਂ ਛੇ ਮਹੀਨਿਆਂ ਲਈ ਚੱਲੇਗਾ ਪਰ ਇਸ ਦੌਰਾਨ ਕਾਮਿਆਂ ਨੂੰ ਆਪਣੇ ਆਮ ਘੰਟਿਆਂ ਦਾ ਇਕ-ਤਿਹਾਈ ਕੰਮ ਕਰਨਾ ਲਾਜ਼ਮੀ ਹੈ, ਜਿਸ ਲਈ ਉਨ੍ਹਾਂ ਦੇ ਮਾਲਕ ਵਲੋਂ ਆਮ ਤੌਰ 'ਤੇ ਭੁਗਤਾਨ ਕੀਤਾ ਜਾਂਦਾ ਹੈ। 

ਇਸ ਨਵੀਂ ਸਕੀਮ ਨੂੰ ਚਾਂਸਲਰ ਰਿਸ਼ੀ ਸੁਨਾਕ ਵਲੋਂ ਸਥਾਨਕ ਪੱਧਰ 'ਤੇ ਲਾਗੂ ਕਰਨ ਦੀ ਯੋਜਨਾ ਹੈ। ਇਸ ਨੀਤੀ ਤਹਿਤ ਜੇ ਕਿਸੇ ਦੇ ਕੰਮ ਕਰਨ ਦਾ ਸਥਾਨ ਬੰਦ ਹੋ ਜਾਂਦਾ ਹੈ, ਅਤੇ ਕੋਈ ਕਾਮਾ ਇਕ ਹਫਤੇ ਜਾਂ ਵੱਧ ਸਮੇਂ ਲਈ ਬਿਲਕੁਲ ਵੀ ਕੰਮ ਨਹੀਂ ਕਰ ਸਕਦਾ ਤਾਂ ਵੀ ਮਾਲਕ ਆਮ ਤਨਖ਼ਾਹ ਦਾ ਦੋ-ਤਿਹਾਈ ਅਦਾ ਕਰੇਗਾ ਅਤੇ ਇਸ ਖਰਚੇ ਦੀ ਪੂਰਤੀ ਸਰਕਾਰ ਵਲੋਂ ਕੀਤੀ ਜਾਵੇਗੀ। ਇਹ ਸਕੀਮ ਸਾਰੇ ਕਾਰੋਬਾਰੀ ਥਾਂਵਾਂ 'ਤੇ ਲਾਗੂ ਹੋਵੇਗੀ । ਇਸ ਦੇ ਨਾਲ ਹੀ ਸੁਨਾਕ ਨੇ ਆਪਣੀ ਘੋਸ਼ਣਾ ਵਿਚ ਇਹ ਵੀ ਖੁਲਾਸਾ ਕੀਤਾ ਕਿ ਜੇ ਕਾਰੋਬਾਰ ਕਾਨੂੰਨੀ ਤੌਰ 'ਤੇ ਬੰਦ ਕੀਤੇ ਗਏ ਹਨ ਤਾਂ ਕਾਰੋਬਾਰੀ ਨਕਦ ਗ੍ਰਾਂਟ ਲਈ ਅਰਜ਼ੀ ਦੇ ਸਕਣਗੇ। ਜਿਸ ਤਹਿਤ ਛੋਟੇ ਕਾਰੋਬਾਰ ਪ੍ਰਤੀ ਮਹੀਨਾ ਪੌਂਡ 1,300, ਦਰਮਿਆਨੇ ਆਕਾਰ ਦੇ ਕਾਰੋਬਾਰ 2,000 ਪੌਂਡ ਜਦਕਿ ਵੱਡੇ ਕਾਰੋਬਾਰ 3,000 ਪੌਂਡ ਦਾ ਦਾਅਵਾ ਕਰ ਸਕਦੇ ਹਨ। ਇਹ ਗ੍ਰਾਂਟ ਦੋ ਪੰਦਰਵਾੜੇ ਕਿਸ਼ਤਾਂ ਵਿਚ ਅਦਾ ਕੀਤੀ ਜਾਵੇਗੀ ਤੇ ਵਾਪਸ ਵੀ ਨਹੀਂ ਕਰਨੀ ਪਵੇਗੀ।
 


author

Sanjeev

Content Editor

Related News