ਯੂ. ਕੇ. ''ਚ ਨੈਸ਼ਨਲ ਐਕਸਪ੍ਰੈੱਸ ਨੇ ਆਪਣੀਆਂ ਸਾਰੀਆਂ ਸੇਵਾਵਾਂ ਕੀਤੀਆਂ ਮੁਅੱਤਲ
Friday, Jan 08, 2021 - 06:15 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਨੈਸ਼ਨਲ ਐਕਸਪ੍ਰੈੱਸ ਜੋ ਦੇਸ਼ ਭਰ ਵਿਚ ਬੱਸ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ, ਤਾਜ਼ਾ ਕੋਰੋਨਾ ਯਾਤਰਾ ਪਾਬੰਦੀਆਂ ਕਾਰਨ ਸੋਮਵਾਰ ਤੋਂ ਪੂਰੇ ਯੂ. ਕੇ. ਵਿਚ ਆਪਣੀਆਂ ਕੋਚ ਸੇਵਾਵਾਂ ਦੇ ਪੂਰੇ ਨੈੱਟਵਰਕ ਨੂੰ ਮੁਅੱਤਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਕੰਪਨੀ ਦੇਸ਼ ਭਰ ਵਿਚ ਨਿਰਧਾਰਤ ਰੂਟਾਂ ਲਈ ਮੁੱਖ ਸੇਵਾ ਪ੍ਰਦਾਨ ਕਰਦੀ ਹੈ।
ਇਹ ਕੰਪਨੀ ਹੁਣ ਮਾਰਚ ਤੱਕ ਸਾਰੀਆਂ ਸੇਵਾਵਾਂ ਨੂੰ ਬੰਦ ਕਰੇਗੀ। ਨੈਸ਼ਨਲ ਐਕਸਪ੍ਰੈੱਸ ਯੂ. ਕੇ. ਕੋਚ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸ ਹਾਰਡੀ ਅਨੁਸਾਰ ਯਾਤਰਾ ਦੀਆਂ ਸਖ਼ਤ ਪਾਬੰਦੀਆਂ ਅਤੇ ਯਾਤਰੀਆਂ ਦੀ ਗਿਣਤੀ ਘਟਣ ਨਾਲ ਕੰਪਨੀ ਦੀਆਂ ਸੇਵਾਵਾਂ ਜਾਰੀ ਰੱਖਣੀਆਂ ਮੁਸ਼ਕਿਲ ਹਨ। ਹਾਲਾਂਕਿ ਐਤਵਾਰ ਰਾਤ ਤੱਕ ਸਾਰੀਆਂ ਯਾਤਰਾਵਾਂ ਯੋਜਨਾ ਅਨੁਸਾਰ ਜਾਰੀ ਰਹਿਣਗੀਆਂ ਅਤੇ ਉਹ ਲੋਕ ਜਿਨ੍ਹਾਂ ਦੀ ਯਾਤਰਾ ਰੱਦ ਹੋਈ ਹੈ , ਉਨ੍ਹਾਂ ਨਾਲ ਮੁਫਤ ਬੁਕਿੰਗ ਜਾਂ ਪੂਰੇ ਰਿਫੰਡ ਲਈ ਸੰਪਰਕ ਕੀਤਾ ਜਾਵੇਗਾ। ਹਾਰਡੀ ਅਨੁਸਾਰ ਕੰਪਨੀ ਦੀਆਂ ਸੇਵਾਵਾਂ 1 ਮਾਰਚ ਤੋਂ ਮੁੜ ਚਾਲੂ ਹੋਣਗੀਆਂ ਪਰ ਇਹ ਤਾਰੀਖ਼ ਸਰਕਾਰ ਦੇ ਮਾਰਗ ਦਰਸ਼ਨ ਅਨੁਸਾਰ ਬਦਲ ਵੀ ਸਕਦੀ ਹੈ।