ਯੂ. ਕੇ : ਸੰਸਦ ਮੈਂਬਰਾਂ ਦੀ ਤਨਖ਼ਾਹ ''ਚ 3,300 ਪੌਂਡ ਦਾ ਵਾਧਾ ਤੇ ਨਰਸਾਂ ਨੂੰ ਸਿਰਫ਼ "ਤਾੜੀਆਂ"

10/13/2020 3:47:27 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਪਿਛਲੇ ਦਿਨੀਂ ਸੰਸਦ ਮੈਂਬਰਾਂ ਦੀ ਸਲਾਨਾ ਤਨਖਾਹ ਵਿਚ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ਵਿਚ ਲੇਬਰ ਲੀਡਰ ਕੈਰ ਸਟਾਰਮਰ ਨੇ ਕਿਹਾ ਹੈ ਕਿ ਸੰਸਦ ਦੇ ਮੈਂਬਰਾਂ ਲਈ 3,300 ਪੌਂਡ ਦੀ ਤਨਖਾਹ ਵਧਾਉਣ ਦੀ ਬਜਾਏ ਇਹ ਵਾਧਾ ਕੋਰੋਨਾ ਵਾਇਰਸ ਮਹਾਮਾਰੀ ਵਿਚ ਕੰਮ ਕਰ ਰਹੇ ਮੁੱਖ ਵਰਕਰਾਂ (ਨਰਸਾਂ/ਸਿਹਤ ਕਾਮਿਆਂ) ਕੋਲ ਜਾਣਾ ਚਾਹੀਦਾ ਹੈ। 

ਸੰਸਦ ਮੈਂਬਰ 4.1 ਫੀਸਦੀ ਵਾਧੇ ਨਾਲ ਹਰ ਸਾਲ 85,291 ਪੌਂਡ ਤਨਖਾਹ ਲੈਂਦੇ ਹਨ ਜਦਕਿ ਰਾਇਲ ਕਾਲਜ ਆਫ਼ ਨਰਸਿੰਗ ਦੇ ਅਨੁਮਾਨ ਅਨੁਸਾਰ ਇਕ ਐੱਨ. ਐੱਚ. ਐੱਸ. ਨਰਸ ਦੀ ਔਸਤਨ ਸਾਲਾਨਾ ਤਨਖ਼ਾਹ 33,384 ਪੌਂਡ ਹੈ। ਇਸ ਲੇਬਰ ਲੀਡਰ ਅਨੁਸਾਰ  ਇਹ ਨਹੀਂ ਹੋਣਾ ਚਾਹੀਦਾ ਹੈ ਅਤੇ ਉਸ ਨੇ ਸੁਝਾਅ ਦਿੱਤਾ ਹੈ ਕਿ ਸੰਸਦ ਇਸ ਕਦਮ ਨੂੰ ਰੋਕ ਸਕਦੀ ਹੈ। ਉਸ ਨੇ ਕਿਹਾ ਕਿ ਜੇ ਇਹ ਪੈਸਾ ਉਪਲੱਬਧ ਹੈ ਤਾਂ ਮਹੱਤਵਪੂਰਣ ਕਾਮਿਆਂ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ, ਜਿਹੜੇ ਇਸ ਮਹਾਮਾਰੀ ਵਿਚ ਫਰੰਟ ਲਾਈਨ 'ਤੇ ਰਹੇ ਹਨ। ਲਗਭਗ 900,000 ਜਨਤਕ ਖੇਤਰ ਦੇ ਕਰਮਚਾਰੀ ਪਹਿਲਾਂ ਹੀ ਮਹਿੰਗਾਈ ਦਰ ਕਰਕੇ ਤਨਖ਼ਾਹ ਵਿਚ ਵਾਧੇ ਨੂੰ ਉਡੀਕ ਰਹੇ ਹਨ ਜਿਹੜਾ ਕਿ ਜੁਲਾਈ ਵਿਚ ਚਾਂਸਲਰ ਰਿਸ਼ੀ ਸੁਨਾਕ ਦੁਆਰਾ ਘੋਸ਼ਿਤ ਕੀਤਾ ਗਿਆ ਸੀ।
ਇਨ੍ਹਾਂ ਵਿੱਚ ਹਥਿਆਰਬੰਦ ਸੈਨਾ ਦੇ ਮੈਂਬਰਾਂ ਲਈ 2 ਫੀਸਦੀ ,ਪੁਲਸ ਅਧਿਕਾਰੀਆਂ ਲਈ 2.5 ਫੀਸਦੀ ਅਤੇ ਇੰਗਲੈਂਡ ਵਿਚ ਅਧਿਆਪਕਾਂ ਲਈ 3.1 ਪ੍ਰਤੀਸ਼ਤ ਤੱਕ ਦਾ ਵਾਧਾ ਸ਼ਾਮਲ ਹੈ। 


Lalita Mam

Content Editor

Related News