ਯੂ. ਕੇ. ਸਾਹਿਤ ਸੰਸਾਰ : ਅਦਾਰਾ ਸ਼ਬਦ ਵੱਲੋਂ ਦਰਸ਼ਨ ਬੁਲੰਦਵੀ ਦੀਆਂ ਦੋ ਪੁਸਤਕਾਂ ਲੋਕ-ਅਰਪਣ
Tuesday, Jul 12, 2022 - 10:52 PM (IST)
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਇੰਗਲੈਂਡ ਦੇ ਸੁਸੈਕਸ ਵੈਸਟ ਏਰੀਆ ਦੇ ਸਮੁੰਦਰ ਕੰਢੇ ਵਸੇ ਸ਼ਹਿਰ ਲਿਟਲਹੈਂਪਟਨ ਵਿਖੇ ਸਾਹਿਤਕ ਛਹਿਬਰ ਲੱੱਗੀ। ਇਸ ਖੂਬਸੂਰਤ ਕਸਬੇ ਦੇ ਪ੍ਰਸਿੱਧ ਆਰਕੇਡ ਲੌਂਜ ਵਿਚ ‘ਅਦਾਰਾ ਸ਼ਬਦ’ ਵੱਲੋਂ ਦਰਸ਼ਨ ਬੁਲੰਦਵੀ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ‘ਚਾਨਣ ਦੇ ਪ੍ਰਛਾਵੇਂ’ (ਕਵਿਤਾ) ਅਤੇ ਡਾਇਰੀ ਦੇ ਜ਼ਖ਼ਮੀ ਪੰਨੇ (ਵਾਰਤਕ) ਦਾ ਲੋਕ ਅਰਪਣ ਸਮਾਗਮ ਤੇ ਗੋਸ਼ਟੀ ਆਯੋਜਿਤ ਕੀਤੀ ਗਈ। ਸਮਾਗਮ ਦੇ ਪਹਿਲੇ ਭਾਗ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਡਾ. ਧਨਵੰਤ ਕੌਰ ਨੇ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰਸਿੱਧ ਲੇਖਕ ਡਾ. ਦਵਿੰਦਰ ਕੌਰ, ਨਾਮਵਰ ਲੇਖਕ ਦਰਸ਼ਨ ਢਿੱਲੋਂ, ਡਾ. ਅਮਰ ਜਿਉਤੀ ਸ਼ਾਮਲ ਹੋਏ। ਸ਼ੁਰੂਆਤ ਦਰਸ਼ਨ ਬੁਲੰਦਵੀ ਵੱਲੋਂ ਦੂਰੋੋਂ ਨੇੜਿਓਂ ਹੁੰਮ-ਹੁਮਾ ਕੇ ਪਹੁੰਚੇ ਸਾਹਿਤਕਾਰਾਂ ਤੇ ਸਨੇਹੀਆਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ‘ਚਾਨਣ ਦੇ ਪ੍ਰਛਾਵੇਂ’ ਬਾਰੇ ਨਾਮਵਰ ਆਲੋਚਕ ਤੇ ਗਲਪਕਾਰ ਡਾ. ਜਸਵਿੰਦਰ ਸਿੰਘ ਨੇ ਸ਼ਾਮਲ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਵਿਚਲੀ ਤਾਜ਼ਾ ਬਿੰਬਾਵਲੀ ਤੇ ਨਵੇਂ ਮੈਟਾਫ਼ਰਾਂ ਜ਼ਰੀਏ ਪ੍ਰਵਾਸੀ ਅਨੁਭਵਾਂ ਦੀ ਬਹੁ-ਸੁਰੀ ਨਿਵੇਕਲੀ ਸੰਵੇਦਨਾ ਨੂੰ ਉਭਾਰਿਆ।
ਉਸ ਨੇ ਬੁਲੰਦਵੀ ਦੀ ਗਤੀਸ਼ੀਲ ਜੀਵਨ ਦ੍ਰਿਸ਼ਟੀ ਨੂੰ ਫਰੋਲਦਿਆਂ ਭਾਰਤ ਪੰਜਾਬ ਦੇ ਲੋਕ ਸੰਘਰਸ਼ਾਂ ਬਾਰੇ ਅਪਣਾਏ ਹਾਂਦਰੂ ਰਵੱਈਏ ਦਾ ਜ਼ਿਕਰ ਕੀਤਾ। ਡਾ. ਦਵਿੰਦਰ ਕੌਰ ਨੇ ਬੁਲੰਦਵੀ ਦੀ ਕਵਿਤਾ ਵਿਚਲੇ ਸਰੋਦੀਪਣ ਨੂੰ ਸਲਾਹਿਆ ਤੇ ਉਸ ਦੇ ਗੀਤਕਾਰੀ ਦੇ ਨਿਵੇਕਲੇ ਨਕਸ਼ਾਂ ਨੂੰ ਉਭਾਰਿਆ। ਡਾ. ਧਨਵੰਤ ਕੌਰ ਨੇ ਬੁਲੰਦਵੀ ਦੀ ਵਾਰਤਕ ਪੁਸਤਕ "ਡਾਇਰੀ ਦੇ ਜ਼ਖ਼ਮੀ ਪੰਨੇ" ਉੱਪਰ ਚਰਚਾ ਕਰਦਿਆਂ ਇਸ ਪੁਸਤਕ ਵਿਚ ਸ਼ਾਮਿਲ ਸੰਸਮਰਣਾਂ ਨੂੰ ਬੁਲੰਦਵੀ ਦੀ ਸ਼ਖ਼ਸੀ ਘਾੜਤ ਦੇ ਆਧਾਰੀ ਪਛਾਣ ਚਿੰਨ੍ਹਾਂ ਦੇ ਮੀਲ ਪੱਥਰ ਦੱਸਿਆ ਅਤੇ ਉਸ ਦੀ ਵਾਰਤਕ ਸ਼ੈਲੀ ਦੇ ਮੌਲਿਕ ਗੁਣਾਂ ਬਾਰੇ ਚਰਚਾ ਕੀਤੀ। ਨਾਮਵਰ ਲੇਖਕ ਗੁਰਨਾਮ ਕੰਵਰ ਨੇ ਕਿਹਾ ਕਿ ਬੁਲੰਦਵੀ ਨੇ ਆਪਣੇ ਤੇ ਇਤਿਹਾਸ ਦੇ ਇਕੱਲੇ ਜ਼ਖ਼ਮ ਨਹੀਂ ਸਿਰਜੇ ਇਹਨਾਂ 'ਚੋਂ ਸੰਗਰਾਮੀ ਇਤਿਹਾਸ ਵੀ ਝਲਕਦਾ ਹੈ। ਅਮਰ ਜਿਉਤੀ ਨੇ ਪੁਸਤਕ ਵਿਚਲੀ ਬਹੁ- ਸਭਿਆਚਾਰਕ ਨਿੱਗਰ ਦ੍ਰਿਸ਼ਟੀ ਰਾਹੀਂ ਪੇਸ਼ ਹੋਏ ਵਰਤਾਰਿਆਂ ਤੇ ਪਾਤਰਾਂ ਦੇ ਨਿਆਰੇਪਣ ਨੂੰ ਸਲਾਹਿਆ। ਸਟੇਜ ਦੀ ਜ਼ਿੰਮੇਵਾਰੀ ਨਾਵਲਕਾਰ ਹਰਜੀਤ ਅਟਵਾਲ ਨੇ ਨਿਭਾਈ। ਪ੍ਰਧਾਨਗੀ ਮੰਡਲ ਨੇ ਕੁਲਵਿੰਦਰ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ’ ’ਤੇ, ਕੁਲਦੀਪ ਕਿੱਟੀ ਬੱਲ ਦੀਆਂ ਦੋ ਕਾਵਿ ਪੁਸਤਕਾਂ "ਬੰਦ ਬੂਹੇ" ਤੇ "ਤੇਜ਼ ਚੱਲਣ ਹਨੇਰੀਆਂ" ਵੀ ਲੋਕ ਅਰਪਣ ਕੀਤੀਆਂ।
ਦੂਸਰੇ ਭਾਗ ਵਿਚ ਹੋਏ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਸਵਿੰਦਰ ਸਿੰਘ, ਗੁਰਨਾਮ ਕੰਵਰ, ਯਸ਼ ਸਾਥੀ, ਗਿਮੀ ਸ਼ਗੁਫਤਾ ਤੇ ਦਲਵੀਰ ਕੌਰ ਸ਼ਾਮਲ ਹੋਏ। ਡਾ. ਦਵਿੰਦਰ ਕੌਰ ਨੇ ਆਪਣੇ ਸੁਰੀਲੇ ਬੋਲਾਂ ਵਿਚ ਦਰਸ਼ਨ ਬੁਲੰਦਵੀ ਦਾ ਗੀਤ "ਦੇਸ਼ ਦੀਏ ਮਿੱਟੀਏ" ਗਾ ਕੇ ਸ਼ੁਰੂਆਤ ਕੀਤੀ। ਸਤਾਈ ਸ਼ਾਇਰਾਂ ਦੇ ਕਲਾਮ ਨੂੰ ਸਰੋਤਿਆਂ ਨੇ ਮੰਤਰਮੁਗਧ ਹੋ ਕੇ ਸੁਣਿਆ। ਅਮਰ ਜਿਉਤੀ, ਦਲਵੀਰ ਕੌਰ, ਦਰਸ਼ਨ ਬੁਲੰਦਵੀ, ਅਜ਼ੀਮ ਸ਼ੇਖ਼ਰ, ਰਾਜਿੰਦਰ ਜੀਤ, ਕੁਲਵੰਤ ਕੌਰ ਢਿੱਲੋਂ, ਦੇਵਿੰਦਰ ਨੋਹਰਾ, ਸੰਤੋਖ ਹੇਅਰ, ਸੁਰਿੰਦਰ ਪਾਲ, ਕੁਲਦੀਪ ਬਾਂਸਲ, ਕੁਲਦੀਪ ਕਿਟੀ ਬੱਲ, ਭਿੰਦਰ ਜਲਾਲਾਬਾਦੀ, ਜਸਮੇਰ ਲਾਲ, ਗੁਰਚਰਨ ਸੱਗੂ, ਰਾਜਿੰਦਰ ਕੌਰ ਆਦਿ ਨੇ ਸੋਹਣਾ ਰੰਗ ਬੰਨ੍ਹਿਆ ਤੇ ਸਰੋਤਿਆਂ ਤੋਂ ਭਰਪੂਰ ਦਾਦ ਲਈ। ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਵਿੰਦਰ ਸਿੰਘ ਨੇ ਸਰੋਤਿਆਂ ਦੇ ਚਾਅ ਭਰੇ ਹੁੰਗਾਰੇ ਲਈ ਉਚੇਚਾ ਧੰਨਵਾਦ ਕਰਦਿਆਂ ਬੁਲੰਦਵੀ ਦੀ ਸਕੀਰੀ ਵਲੋਂ ਲਵਾਈ ਭਰਵੀਂ ਹਾਜ਼ਰੀ ਤੇ ਮਹਿਮਾਨ ਨਿਵਾਜ਼ੀ ਦੀ ਤਾਰੀਫ਼ ਕੀਤੀ।