ਬ੍ਰਿਟੇਨ ''ਚ ਭਾਰਤੀ ਮੂਲ ਦੇ 87 ਸਾਲਾ ਬਜ਼ੁਰਗ ਕੋਵਿਡ-19 ਟੀਕਾ ਲਗਵਾਉਣ ਵਾਲੇ ਪਹਿਲੇ ਵਿਅਕਤੀ
Tuesday, Dec 08, 2020 - 05:57 PM (IST)
ਲੰਡਨ (ਭਾਸ਼ਾ): ਉੱਤਰ-ਪੂਰਬੀ ਇੰਗਲੈਂਡ ਦੇ ਭਾਰਤੀ ਮੂਲ ਦੇ 87 ਸਾਲਾ ਹਰੀ ਸ਼ੁਕਲਾ ਦੁਨੀਆ ਦੇ ਉਹਨਾਂ ਕੁਝ ਚੋਣਵੇਂ ਲੋਕਾਂ ਵਿਚ ਸ਼ਾਮਲ ਹੋਣਗੇ ਜਿਹਨਾਂ ਨੂੰ ਕੋਵਿਡ-19 ਦਾ ਟੀਕਾ ਲੱਗੇਗਾ। ਸ਼ੁਕਲਾ ਨੂੰ ਨਿਊਕੈਸਲ ਵਿਚ ਇਕ ਹਸਪਤਾਲ ਵਿਚ 'ਫਾਈਜ਼ਰ ਬਾਇਓਨਟੇਕ' ਵੱਲੋਂ ਵਿਕਸਿਤ ਟੀਕ ਲਗਾਇਆ ਜਾਵੇਗਾ। ਟਾਇਨ ਐਂਡ ਵੇਅਰ ਦੇ ਵਸਨੀਕ ਸ਼ੁਕਲਾ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਆਪਣੇ ਟੀਕੇ ਦੀਆਂ ਪਹਿਲੀਆਂ ਦੋ ਖੁਰਾਕਾਂ ਲਗਵਾਉਣੀਆਂ ਉਹਨਾਂ ਦਾ ਫਰਜ਼ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਪਲ ਨੂੰ 'ਇਕ ਵੱਡੀ ਤਰੱਕੀ' ਦੱਸਿਆ ਅਤੇ ਬ੍ਰਿਟੇਨ ਵਿਚ ਮੰਗਲਵਾਰ ਨੂੰ 'ਵੀ-ਡੇਅ' ਜਾਂ 'ਵੈਕਸੀਨ-ਡੇਅ' ਹੋਣ ਦੀ ਗੱਲ ਕਹੀ। ਸ਼ੁਕਲਾ ਨੇ ਕਿਹਾ,''ਮੈਂ ਬਹੁਤ ਖੁਸ਼ ਹਾਂ ਕਿ ਅਖੀਰ ਅਸੀਂ ਇਸ ਗਲੋਬਲ ਮਹਾਮਾਰੀ ਦੇ ਅੰਤ ਵੱਲ ਵੱਧ ਰਹੇ ਹਾਂ। ਮੈਂ ਖੁਸ਼ ਹਾਂ ਕਿ ਟੀਕਾ ਲਗਵਾ ਕੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਮੇਰਾ ਫਰਜ਼ ਹੈ ਅਤੇ ਮਦਦ ਦੇ ਲਈ ਜੋ ਹੋ ਸਕੇਗਾ ਉਹ ਮੈਂ ਕਰਾਂਗਾ।'' ਉਹਨਾਂ ਨੇ ਅੱਗੇ ਕਿਹਾ,''ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਦੇ ਕਾਰਨ ਮੈਨੂੰ ਪਤਾ ਹੈ ਕਿ ਉਹਨਾਂ ਸਾਰਿਆਂ ਨੇ ਕਿੰਨੀ ਮਿਹਨਤ ਕੀਤੀ ਹੈ। ਉਸ ਲਈ ਮੈਂ ਧੰਨਵਾਦੀ ਹਾਂ।''
ਪੜ੍ਹੋ ਇਹ ਅਹਿਮ ਖਬਰ- ਯੂ.ਐੱਸ. ਸਰਕਾਰ ਦੀ ਹਿਰਾਸਤ 'ਚ 1000 ਤੋਂ ਵੱਧ ਪ੍ਰਵਾਸੀ ਬੱਚੇ ਹੋਏ ਕੋਰੋਨਾ ਪਾਜ਼ੇਟਿਵ
ਸ਼ੁਕਲਾ ਨੂੰ ਐੱਨ.ਐੱਚ.ਐੱਸ. ਵੱਲੋਂ ਬ੍ਰਿਟੇਨ ਦੀ ਟੀਕਾ ਅਤੇ ਟੀਕਾਕਰਨ ਸੰਬੰਧੀ ਕਮੇਟੀ ਵੱਲੋਂ ਨਿਰਧਾਰਤ ਮਾਪਦੰਡ ਦੇ ਆਧਾਰ 'ਤੇ ਚੁਣਿਆ ਗਿਆ। ਜਾਨਲੇਵਾ ਵਾਇਰਸ ਨਾਲ ਮੌਤ ਦਾ ਸਭ ਤੋਂ ਵੱਧ ਖਤਰਾ ਜਿਹੜੇ ਲੋਕਾਂ ਨੂੰ ਹੈ ਉਸ ਦੇ ਆਧਾਰ 'ਤੇ ਹੀ ਟੀਕਾਕਰਨ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਇਹ ਟੀਕਾ 80 ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ, ਸਿਹਤ ਕਰਮੀਆਂ ਸਮੇਤ ਐੱਨ.ਐੱਚ.ਐੱਸ. ਦੇ ਕਰਮੀਆ ਨੂੰ ਲੱਗੇਗਾ। ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ,''ਅੱਜ ਬ੍ਰਿਟੇਨ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿਚ ਇਕ ਵੱਡਾ ਕਦਮ ਚੁੱਕਿਆ ਹੈ। ਕਿਉਂਕਿ ਅਸੀਂ ਦੇਸ਼ ਭਰ ਵਿਚ ਟੀਕਾ ਭੇਜਣ ਵਾਲੇ ਹਾਂ। ਮੈਨੂੰ ਟੀਕਾ ਵਿਕਸਿਤ ਕਰਨ ਵਾਲੇ ਵਿਗਿਆਨੀਆਂ, 'ਟ੍ਰਾਇਲ' ਵਿਚ ਹਿੱਸਾ ਲੈਣ ਵਾਲੇ ਲੋਕਾਂ ਅਤੇ ਇਸ ਨੂੰ ਲਿਆਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਐੱਨ.ਐੱਚ.ਐੱਸ. 'ਤੇ ਬਹੁਤ ਮਾਣ ਹੈ।'' ਜਾਨਸਨ ਨੇ ਨਾਲ ਹੀ ਇਸ ਗੱਲ ਦੇ ਪ੍ਰਤੀ ਚਿਤਾਵਨੀ ਦਿੱਤੀ ਕਿ ਵੱਡੇ ਪੱਧਰ 'ਤੇ ਟੀਕਾਕਰਨ ਵਿਚ ਹਾਲੇ ਸਮਾਂ ਲੱਗੇਗਾ ਅਤੇ ਲੋਕਾਂ ਨੂੰ ਉਦੋਂ ਤੱਕ ਸਾਵਧਾਨ ਰਹਿਣ ਅਤੇ ਆਉਣ ਵਾਲੇ ਠੰਡ ਦੇ ਮਹੀਨਿਆਂ ਵਿਚ ਵੀ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਨੋਟ- ਬ੍ਰਿਟੇਨ ਵਿਚ ਹਰੀ ਸ਼ੁਕਲਾ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਬਣੇ ਪਹਿਲੇ ਵਿਅਕਤੀ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।