UK ਦੀ ਬੋਰਿਸ ਜਾਨਸਨ ਸਰਕਾਰ ਨੇ ਆਮ ਜਨਤਾ ਦਾ ਵਿਸ਼ਵਾਸ ਤੋੜਿਆ : ਢੇਸੀ
Thursday, Jan 13, 2022 - 12:10 AM (IST)

ਸਲੋਹ (ਸਰਬਜੀਤ ਬਨੂੜ)-ਯੂ. ਕੇ. ਦੇ ਪ੍ਰਧਾਨ ਮੰਤਰੀ ਨੂੰ ਆਮ ਜਨਤਾ ਦਾ ਵਿਸ਼ਵਾਸ ਤੋੜਨ, ਕੋਰੋਨਾ ਮਹਾਮਾਰੀ ਸਮੇਂ ਸਰਕਾਰ ਤੇ ਅਫਸਰਾਂ ਵੱਲੋ ਨਿਯਮਾਂ ਦੀਆ ਧੱਜੀਆਂ ਉਡਾਉਣ ਬਦਲੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਮ ਜਨਤਾ ਤੋ ਮੁਆਫ਼ੀ ਮੰਗਣੀ ਚਾਹੀਦੀ ਹੈ। ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬੀਤੇ ਵਰ੍ਹੇ ਕੋਰੋਨਾ ਮਹਾਮਾਰੀ ਨਾਲ ਵਿਸ਼ਵ ਵਿੱਚ ਆਪਣਿਆਂ ਨੇ ਨਜਦੀਕੀਆਂ ਨੂੰ ਬਗੈਰ ਮੂੰਹ ਵੇਖੇ ਇਸ ਦੁਨੀਆ ਤੋ ਰੁਖ਼ਸਤ ਕੀਤਾ ਸੀ ਪਰ ਯੂ. ਕੇ. ਦੀ ਬੋਰਿਸ ਜਾਨਸਨ ਸਰਕਾਰ ਵਲੋਂ ਆਮ ਜਨਤਾ ਨੂੰ ਘਰਾਂ ਅੰਦਰ ਰਹਿ ਕੇ ਆਪਣਾ ਬਚਾਅ ਕਰਨ ਦਾ ਹੌਕਾ ਦਿੱਤਾ ਜਾ ਰਿਹਾ ਸੀ ਤੇ ਕੁਝ ਘੰਟਿਆਂ ਬਾਅਦ ਦੂਜੇ ਪਾਸੇ ਆਪਣੇ ਨਜ਼ਦੀਕੀਆਂ ਨਾਲ ਆਪਣੇ ਸਰਕਾਰੀ ਘਰ ਵਿਚ ਕ੍ਰਿਸਮਿਸ ਤੇ ਹੋਰ ਸਮਾਗਮ ਕਰਕੇ ਜਸ਼ਨ ਮਨਾ ਰਹੀ ਸੀ ਤੇ ਸਰਕਾਰੀ ਤੋਰ ਤੇ ਭੇਜੇ ਸੁਨੇਹਿਆਂ ਵਿੱਚ ਪਾਰਟੀ ਵਿੱਚ ਆਪਣੀ ਆਪਣੀ ਸ਼ਰਾਬ ਨਾਲ ਲੈ ਕੇ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਦੀ ਗਈ ਜਾਨ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ
ਢੇਸੀ ਨੇ ਕਿਹਾ ਕਿ ਸਰਕਾਰ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਉਸ ਨੇ ਜਨਤਾ ਦਾ ਵਿਸ਼ਵਾਸ ਤੋੜਿਆ ਹੈ ਅਤੇ ਉਹ ਹੰਕਾਰੀ ਹੋਈ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸਲੋਹ ਸੰਸਦ ਮੈਂਬਰ ਦੇ ਤਿੰਨ ਨਜ਼ਦੀਕੀ ਪਰਿਵਾਰਕ ਮੈਂਬਰ ਇਸ ਦੁਨੀਆ ਤੋਂ ਵਿੱਛੜ ਗਏ ਸਨ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੰਸਕਾਰ ਸਮੇਂ ਸਿਰਫ ਕੁਝ ਮੈਂਬਰ ਹੀ ਹਾਜ਼ਰ ਹੁੰਦੇ ਸਨ ਤੇ ਅੰਤਿਮ ਦਰਸ਼ਨ, ਸਰੀਰ ਨੂੰ ਘਰ ਅੰਦਰ ਲਿਜਾਉਣ ਦੀ ਵੀ ਮਨਾਹੀ ਸੀ। ਜ਼ਿਕਰਯੋਗ ਹੈ ਕਿ ਇਸ ਮਹਾਮਾਰੀ 'ਚ ਯੂ.ਕੇ. ਸਮੇਤ ਦੁਨੀਆ ਭਰ 'ਚ ਲੱਖਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਅੱਜ ਵੀ ਦੁਨੀਆ ਅੰਦਰ ਇਸ ਮਹਾਮਾਰੀ ਨਾਲ ਹੋਰ ਮੌਤਾਂ ਦਾ ਖਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : 2 ਧਿਰਾਂ ਦੇ ਜ਼ਮੀਨੀ ਝਗੜੇ ਕਾਰਨ ਚੱਲੀ ਗੋਲੀ, 2 ਜ਼ਖ਼ਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।