ਯਮਨ ਸ਼ਾਂਤੀ ਵਾਰਤਾ ਦੇ ਆਖਰੀ ਦਿਨ ਸ਼ਾਮਲ ਹੋਏ ਬ੍ਰਿਟੇਨ ਦੇ ਵਿਦੇਸ਼ ਸਕੱਤਰ

Thursday, Dec 13, 2018 - 08:03 PM (IST)

ਯਮਨ ਸ਼ਾਂਤੀ ਵਾਰਤਾ ਦੇ ਆਖਰੀ ਦਿਨ ਸ਼ਾਮਲ ਹੋਏ ਬ੍ਰਿਟੇਨ ਦੇ ਵਿਦੇਸ਼ ਸਕੱਤਰ

ਰਿੰਬੋ (ਏ.ਪੀ.)- ਯਮਨ ਵਿਚ ਸ਼ਾਂਤੀ ਬਹਾਲੀ ਲਈ ਸਵੀਡਨ ਵਿਚ ਹੋ ਰਹੀ ਵਾਰਤਾ ਵਿਚ ਵੀਰਵਾਰ ਨੂੰ ਬ੍ਰਿਟੇਨ ਦੇ ਵਿਦੇਸ਼ ਸਕੱਤਰ ਸ਼ਾਮਲ ਹੋਏ। ਪਿਛਲੇ ਚਾਰ ਸਾਲਾਂ ਤੋਂ ਯਮਨ ਵਿਚ ਚੱਲ ਰਹੇ ਗ੍ਰਹਿ ਯੁੱਧ ਨੂੰ ਖਤਮ ਕਰਨ ਲਈ ਇਕ ਸਿਆਸੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਮਦਦ ਲਈ ਉਹ ਇਥੇ ਪਹੁੰਚੇ ਹਨ। ਵਿਦੇਸ਼ ਸਕੱਤਰ ਜੇਰੇਮੀ ਹੰਟ ਦੇ ਦਫਤਰ ਨੇ ਦੱਸਿਆ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨਾਲ ਸੰਯੁਕਤ ਰਾਸ਼ਟਰ ਪ੍ਰਯੋਜਿਤ ਇਸ ਵਾਰਤਾ ਵਿਚ ਹਿੱਸਾ ਲੈਣ ਲਈ ਸਵੀਡਨ ਦੇ ਸ਼ਹਿਰ ਰਿੰਬੋ ਵਿਚ ਮੌਜੂਦ ਰਹਿਣਗੇ।

ਦਫਤਰ ਨੇ ਦੱਸਿਆ ਕਿ ਹੰਟ ਇਥੇ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਯਮਨ ਦੀ ਸਰਕਾਰ ਅਤੇ ਹੁਤਿ ਬਾਗੀਆਂ ਨਾਲ ਮਿਲਣਗੇ। ਹੰਟ ਦੇ ਦਫਤਰ ਮੁਤਾਬਕ ਉਨ੍ਹਾਂ ਨੇ ਇਸ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਯਮਨ ਵਿਚ ਦੁਨੀਆ ਦਾ ਸਭ ਤੋਂ ਭਿਆਨਕ ਮਨੁੱਖੀ ਸੰਕਟ ਮੰਡਰਾ ਰਿਹਾ ਹੈ ਅਤੇ ਇਹ ਸ਼ਾਂਤੀ ਵਾਰਤਾ ਸਿਆਸੀ ਹੱਲ ਵੱਲ ਵਧਣ ਦਾ ਸਭ ਤੋਂ ਵਧੀਆ ਮੌਕਾ ਹਾ ਜਿਸ ਦੀ ਲੋੜ ਯਮਨ ਦੇ ਲੋਕਾਂ ਨੂੰ ਤੁਰੰਤ ਹੈ। ਇਸ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਨੇ ਰਿੰਬੋ ਵਿਚ ਚੱਲ ਰਹੀ ਵਾਰਤਾ ਵਿਚ ਤਰੱਕੀ ਹੋਣ ਦੀ ਉਮੀਦ ਜਤਾਈ ਸੀ। ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੂਤ ਮਾਰਟਿਨ ਗ੍ਰਿਫਿਥਸ ਨੇ ਦੋਹਾਂ ਧਿਰਾਂ ਨੂੰ ਇਕ ਡਰਾਫਟ ਸਮਝੌਤਾ ਵਿਚਾਰ ਲਈ ਸੌਂਪਿਆ ਹੈ।


author

Sunny Mehra

Content Editor

Related News