ਬ੍ਰਿਟੇਨ ਨੇ ਵਿਦੇਸ਼ੀ ਡਾਕਟਰਾਂ, ਨਰਸਾਂ ਦੇ ਵਰਕ ਵੀਜ਼ੇ ਨੂੰ ਦਿੱਤੀ ਵੱਡੀ ਮਨਜ਼ੂਰੀ

Tuesday, Nov 24, 2020 - 12:05 AM (IST)

ਬ੍ਰਿਟੇਨ ਨੇ ਵਿਦੇਸ਼ੀ ਡਾਕਟਰਾਂ, ਨਰਸਾਂ ਦੇ ਵਰਕ ਵੀਜ਼ੇ ਨੂੰ ਦਿੱਤੀ ਵੱਡੀ ਮਨਜ਼ੂਰੀ

ਲੰਡਨ— ਬ੍ਰਿਟੇਨ ਸਰਕਾਰ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਸੰਕਟ ਨਾਲ ਸੰਘਰਸ਼ ਨੂੰ ਦੇਖਦੇ ਹੋਏ ਭਾਰਤ ਸਮੇਤ ਉਨ੍ਹਾਂ ਸਾਰੇ ਵਿਦੇਸ਼ੀ ਡਾਕਟਰ ਅਤੇ ਨਰਸਾਂ ਦਾ ਵਰਕ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਹੈ, ਜਿਨ੍ਹਾਂ ਦੇ ਵੀਜ਼ੇ 31 ਮਾਰਚ 2021 ਤੋਂ ਪਹਿਲਾਂ ਸਮਾਪਤ ਹੋਣ ਵਾਲੇ ਹਨ।

ਇਸ ਨਾਲ 6,000 ਤੋਂ ਵੱਧ ਡਾਕਟਰ, ਨਰਸਾਂ, ਪੈਰਾਮੈਡਿਕਸ, ਦਾਈਆਂ, ਪੇਸ਼ੇਵਰ ਥੈਰੇਪਿਸਟ, ਮਨੋਵਿਗਿਆਨਕ ਅਤੇ ਨਾਲ ਹੀ ਸਹਾਇਕ ਹੈਲਥ ਪੇਸ਼ੇਵਰਾਂ ਨੂੰ ਬਿਨਾਂ ਫ਼ੀਸ ਦੇ ਇਹ ਫਾਇਦਾ ਮਿਲੇਗਾ।


ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ, ''ਅਸੀਂ ਕੋਰੋਨਾ ਵਾਇਰਸ ਨਾਲ ਮੁਕਾਬਲੇ 'ਚ ਬ੍ਰਿਟੇਨ 'ਚ ਵਿਦੇਸ਼ ਦੇ ਸਿਹਤ ਪੇਸ਼ੇਵਰਾਂ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਦੇ ਹਾਂ। ਇਸ ਮੁਸ਼ਕਲ ਸਮੇਂ 'ਚ ਉਨ੍ਹਾਂ ਦੇ ਕੰਮਾਂ ਕਾਰਨ ਅਸੀਂ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਨੂੰ 12 ਮਹੀਨਿਆਂ ਲਈ ਵਧਾ ਰਹੇ ਹਾਂ। ਸਾਡਾ ਅੰਦਾਜ਼ਾ ਹੈ ਕਿ ਇਸ ਨਾਲ ਫਰੰਟਲਾਈਨ 'ਤੇ ਜੁਟੇ 6,000 ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵੀ ਅਸੀਂ ਧੰਨਵਾਦੀ ਹਾਂ।''

ਵੀਜ਼ਾ ਵਧਣ ਦਾ ਫਾਇਦਾ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਚ.) ਅਤੇ ਸੁਤੰਤਰ ਤੌਰ 'ਤੇ ਕੰਮ ਕਰਨ ਵਾਲੇ ਸਿਹਤ ਵਰਕਰਾਂ ਅਤੇ ਮੈਡੀਕਲ ਖੇਤਰ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਮਿਲੇਗਾ। ਵੀਜ਼ਾ 'ਤੇ ਇਮੀਗ੍ਰੇਸ਼ਨ ਹੈਲਥ ਸਰਚਾਰਜ ਸਣੇ ਕਿਸੇ ਤਰ੍ਹਾਂ ਦਾ ਚਾਰਜ ਵੀ ਨਹੀਂ ਲੱਗੇਗਾ। ਇਸ ਵਿਸਥਾਰ ਦਾ ਲਾਭ ਪ੍ਰਾਪਤ ਕਰਨ ਵਾਲੇ ਸਿਹਤ ਕਾਮਿਆਂ ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਇਕ ਆਨਲਾਈਨ ਫਾਰਮ ਭਰਨ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਦੇ ਮਾਲਕਾਂ ਵੱਲੋਂ ਵੀ ਯੋਗਤਾ ਦੀ ਪੁਸ਼ਟੀ ਕੀਤੀ ਜਾਵੇਗੀ। ਜੌਹਨ ਹੌਪਕਿਨਜ਼ ਅਨੁਸਾਰ ਯੂ. ਕੇ. 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 1,515,802 ਮਾਮਲੇ ਦਰਜ ਹੋ ਚੁੱਕੇ ਹਨ ਅਤੇ 55,120 ਮੌਤਾਂ ਹੋ ਚੁੱਕੀਆਂ ਹਨ।


author

Sanjeev

Content Editor

Related News