ਯੂ. ਕੇ. : ਸੈਂਕੜੇ ਸ਼ਰਨਾਰਥੀਆਂ 'ਤੇ ਕੋਰੋਨਾ ਦਾ ਪ੍ਰਕੋਪ, ਸਾਬਕਾ ਫ਼ੌਜੀ ਕੈਂਪ 'ਚ ਕੀਤੇ ਇਕਾਂਤਵਾਸ
Tuesday, Jan 19, 2021 - 02:28 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਸੈਂਕੜੇ ਪਨਾਹ ਮੰਗਣ ਵਾਲੇ ਪ੍ਰਵਾਸੀ ਲੋਕਾਂ 'ਤੇ ਕੋਰੋਨਾ ਨੇ ਆਪਣਾ ਪ੍ਰਕੋਪ ਢਾਹਿਆ ਹੈ, ਜਿਸ ਕਰਕੇ ਵੱਡੀ ਗਿਣਤੀ ਵਿਚ ਇਨ੍ਹਾਂ ਪਨਾਹ ਮੰਗਣ ਵਾਲਿਆਂ ਨੂੰ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਇਕਾਂਤਵਾਸ ਪ੍ਰਕਿਰਿਆ ਦੇ ਹਿੱਸੇ ਵਜੋਂ ਸਾਬਕਾ ਸੈਨਿਕ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਹੈ, ਜਿੱਥੇ ਕਈ ਸ਼ਰਨਾਰਥੀਆਂ ਨੂੰ ਆਪਣੀ ਜਾਨ ਦਾ ਡਰ ਹੈ।
ਇਸ ਮਾਮਲੇ 'ਚ ਫੋਕੈਸਟੋਨ, ਕੈਂਟ ਵਿਚ ਨੇਪੀਅਰ ਬੈਰਕਾਂ ਦੇ ਅਸਥਾਈ ਪਨਾਹ ਘਰ ਦੇ ਵਸਨੀਕਾਂ ਨੂੰ ਕੋਰੋਨਾ ਪੀੜਤ ਹੋਣ ਦੇ ਬਾਅਦ ਸ਼ਨੀਵਾਰ ਨੂੰ ਇਸ ਸ਼ਰਨਾਰਥੀ ਪਨਾਹਗੀਰ ਦਾ ਪ੍ਰਬੰਧਨ ਕਰਨ ਵਾਲੀ ਪ੍ਰਾਈਵੇਟ ਫਰਮ ਕਲੀਅਰ ਸਪ੍ਰਿੰਗਜ਼ ਦੇ ਪੱਤਰ ਦੁਆਰਾ ਉਨ੍ਹਾਂ ਨੂੰ ਇਕਾਂਤਵਾਸ ਪ੍ਰਕਿਰਿਆ ਕਾਰਨ ਇਮਾਰਤ ਨਾ ਛੱਡਣ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਅਜਿਹਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਦਾ ਸਕਦਾ ਹੈ।
ਪਿਛਲੇ ਸਾਲ ਸਤੰਬਰ ਵਿਚ ਸਾਬਕਾ ਫ਼ੌਜੀ ਬੇਸ ਨੂੰ ਪਨਾਹ ਲੈਣ ਵਾਲੇ ਆਦਮੀਆਂ ਦੀ ਰਿਹਾਇਸ਼ ਵਿਚ ਬਦਲ ਦਿੱਤਾ ਗਿਆ ਸੀ, ਜਿਸ ਵਿਚ ਹੁਣ ਲਗਭਗ 400 ਲੋਕਾਂ ਦੀ ਰਿਹਾਇਸ਼ ਹੈ। ਇਸ ਲਈ ਇਸ ਪਨਾਹਘਰ ਵਿਚ ਹੋਰ ਜ਼ਿਆਦਾ ਵਾਇਰਸ ਫੈਲਣ ਦਾ ਖਦਸ਼ਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਸਹੂਲਤ ਵਿਚ ਰਹਿਣ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਪਨਾਹਗੀਰ ਅਤੇ ਉਨ੍ਹਾਂ ਨਾਲ ਸੰਬੰਧਤ ਵਕੀਲ ਕਾਫੀ ਚਿੰਤਾਜਨਕ ਹਨ। ਵਕੀਲਾਂ ਅਨੁਸਾਰ ਬੈਰਕਾਂ 'ਚ ਇਕ ਕਮਰੇ ਵਿਚ ਤਕਰੀਬਨ 20 ਨਿਵਾਸੀ ਸੌਂਦੇ ਹਨ, ਜਿਨ੍ਹਾਂ ਵਿਚਕਾਰ ਚਾਦਰਾਂ ਲਟਕਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਸ਼ਰਨਾਰਥੀਆਂ ਨੂੰ ਵੀ ਡਰ ਹੈ ਕਿ ਉਹ ਇਕ ਸਾਂਝੇ ਬਾਥਰੂਮ, ਕਮਰੇ ਅਤੇ ਖਾਣਾ ਪ੍ਰਾਪਤ ਕਰਨ ਲਈ ਸਾਂਝੇ ਖੇਤਰ ਦੀ ਵਰਤੋਂ ਕਰਨ ਨਾਲ ਵਾਇਰਸ ਪੀੜਤ ਹੋ ਸਕਦੇ ਹਨ। ਇਸ ਪਨਾਹ ਘਰ ਵਿਚ ਅਧਿਕਾਰੀਆਂ ਦੁਆਰਾ ਸਕਾਰਾਤਮਕ ਟੈਸਟ ਅਤੇ ਇਕਾਂਤਵਾਸ ਵਾਲੇ ਵਸਨੀਕਾਂ ਦੀ ਗਿਣਤੀ ਬਾਰੇ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਹੈ। ਕੈਂਟ ਦੇ ਅਸਥਾਈ ਰਿਹਾਇਸ਼ ਵਿਚ ਰਹਿਣ ਵਾਲੇ ਕੁੱਝ ਸ਼ਰਨਾਰਥੀਆਂ ਅਨੁਸਾਰ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਕਿਉਂਕਿ ਸਹੂਲਤਾਂ ਦੀ ਘਾਟ ਅਤੇ ਕੋਰੋਨਾ ਪ੍ਰਕੋਪ ਨਾਲ ਵਸਨੀਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ।